ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਜੇ ਸਾਰੇ ਹੋਰ ਦੀਵੇ ਬੁਝ ਨ ਜਾਂਦੇ
ਤਾਂ ਦੀਵਾ ਦਿਲ ਦਾ ਇਉਂ ਜਗਣਾ ਨਹੀਂ ਸੀ
ਜੇ ਮੇਰੇ ਸਿਰ 'ਤੇ ਇਉਂ ਸੂਰਜ ਨਾ ਤਪਦਾ
ਮੈਂ ਝੂਠੀ ਸ਼ਾਨ ਵਿਚ ਰਹਿੰਦਾ ਚਮਕਦਾ
ਕਿਸੇ ਚੋਟੀ ਤੇ ਠਹਿਰੀ ਬਰਫ ਹੁੰਦਾ
ਮੈਂ ਬਣ ਕੇ ਨੀਰ ਇਉਂ ਵਗਣਾ ਨਹੀਂ ਸੀ
ਹਵਾ ਮੇਰੇ ਮੁਖਾਲਿਫ ਜੇ ਨ ਵਗਦੀ
ਜੇ ਮੇਰੇ ਘਰ ਨੂੰ ਵੀ ਅਗਨੀ ਨ ਲਗਦੀ
ਕਿਹੀ ਫਿਤਰਤ ਤਮਾਸ਼ਾਈ ਹੈ ਜੱਗ ਦੀ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਅਜਬ ਸੀਨੇ 'ਚ ਅੱਜ ਵੀਰਾਨਗੀ ਹੈ
ਜੋ ਸੀਨੇ ਨਾਲ ਲੱਗੀ ਸਾਨਗੀ ਹੈ
ਜੇ ਇਸ ਦੇ ਦਿਲ 'ਚ ਸੁੰਨਾਪਨ ਨ ਹੁੰਦਾ
ਤਾਂ ਇਸ ਤੋਂ ਮੇਰਾ ਸੁਰ ਲੱਗਣਾ ਨਹੀਂ ਸੀ
ਜੇ ਮੁੱਕਦੀ ਚਾਰ ਦਿਨ ਦੀ ਚਾਨਣੀ ਨਾ
ਕਲੇਜਾ ਇੰਜ ਹੁੰਦਾ ਛਾਨਣੀ ਨਾ
ਤਾਂ ਮੈਂਨੂੰ ਚਾਨਣਾ ਹੋਣਾ ਨਹੀਂ ਸੀ
ਕਦੇ ਸੱਚ ਦਾ ਪਤਾ ਲੱਗਣਾ ਨਹੀਂ ਸੀ
Read More! Learn More!