ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ's image
0679

ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ

ShareBookmarks


ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਕਿੱਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ

ਸ਼ਰੀਕਾਂ ਦੀ ਸ਼ਹਿ 'ਤੇ ਭਰਾਵਾਂ ਤੋਂ ਚੋਰੀ
ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ

ਕਿੱਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਵਾਂ ਤੋਂ ਚੋਰੀ

ਕਿਸੇ ਹੋਰ ਧਰਤੀ ਤੇ ਵਰਦਾ ਰਿਹਾ ਮੈਂ
ਤੇਰੇ ਧੁਖਦੇ ਖਾਬਾਂ ਤੇ ਚਾਵਾਂ ਤੋਂ ਚੋਰੀ

ਉਨਾਂ ਦੀ ਵੀ ਹੈ ਪੈੜ ਮੇਰੀ ਗਜ਼ਲ ਵਿਚ
ਕਦਮ ਜਿਹੜੇ ਤੁਰਿਆ ਮੈਂ ਰਾਹਵਾਂ ਤੋਂ ਚੋਰੀ

ਕਲੇਜਾ ਤਾਂ ਫਟਣਾ ਹੀ ਸੀ ਉਸ ਦਾ ਇਕ ਦਿਨ
ਜੁ ਹਉਕਾ ਵੀ ਭਰਦਾ ਸੀ ਸਾਹਵਾਂ ਤੋਂ ਚੋਰੀ

ਉਹ ਛਾਵਾਂ ਨੂੰ ਮਿਲਦਾ ਸੀ ਧੁੱਪਾਂ ਤੋਂ ਛੁੱਪ ਕੇ
ਤੇ ਰਾਤਾਂ 'ਚ ਡੁਬਦਾ ਸੀ ਛਾਵਾਂ ਤੋਂ ਚੋਰੀ

ਘਰੀਂ ਮੁਫਲਿਸਾਂ ਦੇ, ਦਰੀਂ ਬਾਗੀਆਂ ਦੇ
ਜਗੋ ਦੀਵਿਓ ਬਾਦਸ਼ਾਹਵਾਂ ਤੋਂ ਚੋਰੀ

ਮੇਰੇ ਯੁੱਗ ਦੇ ਐ ਸੂਰਜੋ ਪੈਰ ਦਬ ਕੇ
ਕਿਧਰ ਜਾ ਰਹੇ ਹੋਂ ਸ਼ੁਆਵਾਂ ਤੋ ਚੋਰੀ

ਦਗਾ ਕਰ ਰਿਹਾ ਏਂ, ਗਜ਼ਲ ਨਾਲ 'ਪਾਤਰ'
ਇਹ ਕੀ ਲਿਖ ਰਿਹੈਂ ਭਾਵਨਾਵਾਂ ਤੋਂ ਚੋਰੀ

Read More! Learn More!

Sootradhar