ਮਰਦਾਨਾ ਬੋਲਦਾ ਹੈ's image
0265

ਮਰਦਾਨਾ ਬੋਲਦਾ ਹੈ

ShareBookmarks


ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ
ਮਰਦਾਨਾ ਗੁਰੂ ਦਾ ਯਾਰ ਸੀ
ਉਹਦੇ ਸਦਕਾ ਗੁਰੂ ਦੇ ਆਸੇ-ਪਾਸੇ ਦੋਸਤੀ ਦੀ ਮਹਿਕ ਸੀ
ਜਦੋਂ ਰੱਬਾਬ ਚੋਂ ਸਰਗਮ ਉਦੈ ਹੁੰਦੀ
ਗੁਰੂ ਦੇ ਬੋਲ ਸਵੇਰੀ ਪੌਣ ਵਾਂਗੂੰ ਜਾਗਦੇ ਸਨ
ਅਜ ਵੀ ਸੰਗਤ ’ਚ ਗੁਰੂ ਦੇ ਬੋਲ ਨੇ
ਪਰ ਸੁਰ ਨਹੀਂ ਹੈ
ਗੁਰੂ ਦਾ ਸ਼ਬਦ ਹੈ
ਪਰ ਅਰਥ ਗੁੰਮ ਹੋ ਗਿਆ ਹੈ
ਕੀਰਤਨ ਦੀ ਭੀੜ ਹੈ
ਸੰਗੀਤ ਦਾ ਚਿਹਰਾ ਨਹੀਂ ਦਿਸਦਾ
ਕਿਸੇ ਖੂੰਜੇ ’ਚ ਗੁੰਮ-ਸੁਮ ਚੁੱਪ ਪਈ ਰੱਬਾਬ
ਕਈ ਸਾਲਾਂ ਤੋਂ ਇਸ ਦੀ ਤਾਰ ਚੋਂ ਝਨਕਾਰ ਨਹੀਂ ਜਾਗੀ
ਕਿਸੇ ਆਸ਼ਕ ਦੀ ਮਹਿਰਮ ਛੋਹ ਬਿਨਾਂ
ਸਾਜ਼ ’ਚੋਂ ਸੁਰਤਾਲ ਦਾ ਜਾਦੂ ਨਹੀਂ ਉਗਦਾ
ਕੋਈ ਜਾਵੋ ਲਿਆਵੋ ਸਾਜ਼ ਦੇ ਮਹਿਰਮ ਨੂੰ ਪਾਰੋਂ ਮੋੜ ਕੇ
ਕਿਸੇ ਵੀ ਸਾਜ਼ ਬਿਨ
ਆਵਾਜ਼ ਦਾ ਕੁਝ ਭੇਤ ਨਹੀਂ ਪਾਇਆ
ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ

ਕਦੀ ਬਚਪਨ ’ਚ, ਆਪਣੇ ਘਰ
ਮੈਂ ਇਕ ਤਸਵੀਰ ਵੇਖੀ ਸੀ
ਗੁਰੂ ਨਾਨਕ ਦੇ ਲਾਗੇ ਯਾਰ ਮਰਦਾਨਾ ਰਬਾਬੀ ਸੀ
ਮੈਨੂੰ ਤਸਵੀਰ ’ਚ ਦੁਨੀਆਂ ਦਾ ਸਾਰਾ ਅਰਥ ਦਿਸਦਾ ਸੀ
ਇਹ ਦੁਨੀਆਂ ਸੀ-
ਮੇਰੇ ਬਚਪਨ ਜਿਹੀ ਸਾਦਾ
ਕਿਸੇ ਮਿੱਤਰ ਜਿਹੀ ਨਿਰਛਲ
ਅਚਨਚੇਤੇ ਕਿਸੇ ਨਿਰਮੋਹ ਨੇ
ਮਰਦਾਨੇ ਨੂੰ ਤਸਵੀਰੋਂ ਅਲਗ ਕੀਤਾ
ਯਾ ਕਿ ਮਰਦਾਨਾ ਹੀ ਆਪੇ ਦੌੜ ਕੇ
ਤਸਵੀਰ ਵਿਚੋਂ ਨਿਕਲ ਤੁਰਿਆ
ਹੁਣ ਜਦੋਂ ਤਸਵੀਰ ਨੂੰ ਤੱਕਦਾ ਹਾਂ
ਜ਼ਿੰਦਗੀ ਦਾ ਨਿੱਘ ਤਨ ’ਚੋਂ ਖਿਸਕ ਜਾਂਦਾ ਹੈ
ਸੁਲਗਦੀ ਦੇਹੀ ’ਚੋਂ ਚਾਨਣ ਜਲਾਵਤਨ ਹੁੰਦੈ
ਦੋਸਤੀ ਵਕਤੀ ਜ਼ਰੂਰਤ ਤੋਂ ਸਿਵਾ ਕੁਝ ਵੀ ਨਹੀਂ, ਸ਼ਾਇਦ
ਸ਼ਾਇਰੀ ਸੰਗੀਤ ਦਾ ਰਿਸ਼ਤਾ ਵੀ ਮਨ ਦਾ ਵਹਿਮ ਹੈ
ਜਿਸਨੂੰ ਚਾਨਣ ਸਮਝ ਆਪਣਾ ਕਿਹਾ
ਨਿਕਲੀ ਉਹੋ ਛਾਇਆ
ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ

ਦੂਰ ਮਰਦਾਨੇ ਦੀ ਨਗਰੀ ’ਚੋਂ
ਕਦੇ ਆਵਾਜ਼ ਆਉਂਦੀ ਏ:
ਮੈਂ ਆਪਣੇ ਸ਼ਹਿਰ ਵਿਚ ਕੱਲਾ
ਮੈਨੂੰ ਨਾਨਕ ਨਹੀਂ ਮਿਲਦਾ
ਜਿਸ ਜਗ੍ਹਾ ਨਾਨਕ ਕਦੀ ਮੱਝੀਂ ਚਰਾਈਆਂ ਸਨ
ਉਸ ਥਾਵੇਂ ਆਦਮੀ ਦੀ ਫ਼ਸਲ ਸਾਰੀ ਉਜੜ ਚੁੱਕੀ ਹੈ
ਕੌਣ ਇਸ ਖੇਤੀ ਨੂੰ ਮੁੜ ਹਰਿਆਂ ਕਰੇ ?
ਜਿਸ ਜਗ੍ਹਾ ਨਾਨਕ ਮੇਰੇ ਦੀਆਂ ਯਾਦਗਾਰਾਂ ਨੇ
ਉਸ ਥਾਵੇਂ ਕੌਣ ਉਸ ਨੂੰ ਯਾਦ ਕਰਦਾ ਹੈ ?
ਮੇਰੇ ਸੰਗੀਤ ਦੇ ਸੁਰ ਬੇਸੁਰੇ ਨੇ
ਮੈਂ ਆਪਣੇ ਸਫ਼ਰ ’ਚ ਹਰ ਥਾਂ ਬੇਤਾਲਾ ਹਾਂ

ਸਫ਼ਰ ਨੂੰ ਮੰਜ਼ਿਲ ਨਹੀਂ
ਪਿਆਸ ਲਈ ਪਾਣੀ ਨਹੀਂ
ਮੈਂ ਆਪਣੇ ਯਾਰ ਦੀ ਨਗਰੀ ’ਚ ਬੇਯਾਰ ਫਿਰਦਾ ਹਾਂ
ਭਟਕਣਾ ਦੇ ਦੇਸ ਵਿਚ
ਅਕ-ਕਕੜੀਆਂ ਨੂੰ ਕੌਣ ਅਜ ਮਿੱਠਾ ਕਰੇ ?
ਕੋਈ ਆਖੋ ਮੇਰੇ ਨਾਨਕ ਨੂੰ
ਮੇਰੇ ਸ਼ਹਿਰ ਆਵੇ, ਆਪਣੇ ਸ਼ਹਿਰ ਆਵੇ
ਕੋਈ ਆਖੋ ਮੈਨੂੰ ਮੱਕੇ ਉਦਾਸੀ ਫੇਰ ਲੈ ਜਾਵੇ
ਕਿ ਮੈਂ ਤਈਆਰ ਹਾਂ
ਮੁੜ ਦੋਸਤੀ ਦੇ ਸਫ਼ਰ ਤੇ ਤੁਰ ਜਾਣ ਲਈ
ਸਿਰਫ਼ ਤਸਵੀਰ ਵਿਚ ਬਹਿ ਜਾਣ ਦਾ
ਮੌਕਾ ਨਹੀਂ ਆਇਆ

ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ

Read More! Learn More!

Sootradhar