ਸੱਤ ਸਵਾਲ's image
0193

ਸੱਤ ਸਵਾਲ

ShareBookmarks


ਬਾਬੂ ਸੂਰਜ ਨਰਾਇਣ ਮਿਹਰ (ਦਿੱਲੀ) ਦੀ
ਉਰਦੂ ਕਵਿਤਾ ਦੇ ਆਧਾਰ ਤੇ ਲਿਖੀ ਗਈ

(1)

ਸੁਣਿਆਂ ਵੱਡ ਵਡੇਰਿਆਂ ਤੇਰਿਆਂ ਦੀ,
ਸ਼ੋਭਾ ਖਿਲਰੀ ਸਾਰੇ ਜਹਾਨ ਦੇ ਵਿਚ ।
ਖ਼ਾਨਦਾਨ ਸੀ ਉਹ ਉੱਚੀ ਆਨ ਵਾਲਾ,
ਚਮਕੇ ਸ਼ਾਨ ਜਿਸ ਦੀ ਆਸਮਾਨ ਦੇ ਵਿਚ ।
ਰਾਠ ਸੂਰਮੇ, ਰਿਜ਼ਕ ਤੇ ਅਣਖ ਵਾਲੇ,
ਉੱਘੇ ਬੜੇ ਸਨ ਦਯਾ ਤੇ ਦਾਨ ਦੇ ਵਿਚ ।
ਐਪਰ ਸੱਜਣਾ ! ਕਰੀਂ ਹੰਕਾਰ ਨਾ ਤੂੰ,
ਕੇਵਲ ਜੰਮ ਉੱਚੇ ਖਾਨਦਾਨ ਦੇ ਵਿਚ ।
ਕੰਘੀ ਮਾਰ ਕੇ ਦੱਸ ਖਾਂ ! ਵਿਚ ਤੇਰੇ,
ਓਨ੍ਹਾਂ ਵੱਡਿਆਂ ਦੀ ਕੋਈ ਚਾਲ ਭੀ ਹੈ ?

(2)

ਮੰਨ ਲਿਆ ਖਜ਼ਾਨਿਆਂ ਤੇਰਿਆਂ ਤੇ,
ਚੋਖਾ ਭਾਗ ਪਰਮਾਤਮਾ ਲਾਇਆ ਹੈ,
ਛਣਕ ਮਣਕ ਨੇ ਅੱਜ ਇਕਬਾਲ ਤੇਰਾ,
ਫ਼ਰਸ਼ੋਂ ਚੁਕ ਅਰਸ਼ਾਂ ਤੇ ਪੁਚਾਇਆ ਹੈ,
ਹੱਸ ਖੇਡ ਕੇ ਲੰਘਦਾ ਸਮਾਂ ਸਾਰਾ,
ਸੁਪਨੇ ਵਿਚ ਭੀ ਦੁੱਖ ਨਾ ਪਾਇਆ ਹੈ,
ਐਸ਼ਾਂ ਅਸਰਤਾਂ ਵਿਚ ਗ਼ਲਤਾਨ ਸੱਜਣ !
ਚੇਤਾ ਹੋਰ ਦਾ ਭੀ ਕਦੇ ਆਇਆ ਹੈ,
ਏਸ ਬੋਹਲ ਵਿਚੋਂ, ਦੱਸੀਂ, ਬੁੱਕ ਭਰ ਕੇ,
ਪੂਰਾ ਕਿਸੇ ਦਾ ਕੀਤਾ ਸਵਾਲ ਭੀ ਹੈ ?

(3)

ਮੰਨ ਲਿਆ, ਤੂੰ ਰਹਿਣ ਨੂੰ ਬੜੇ ਸੋਹਣੇ,
ਮੰਦਰ ਕੋਠੀਆਂ ਬੰਗਲੇ ਪਾ ਲਏ ਨੇ ।
ਸੰਗਮਰਮਰੀ ਫ਼ਰਸ਼, ਰੰਗੀਲ ਛੱਤਾਂ,
ਫੁੱਲਾਂ ਬੂਟਿਆਂ ਨਾਲ ਮਹਿਕਾ ਲਏ ਨੇ ।
ਢੂੰਡ ਢੂੰਡ ਸਜਾਉਟਾਂ ਆਂਦੀਆਂ ਨੇ,
ਅੰਦਰ ਝਾੜ ਫਾਨੂਸ ਭੀ ਲਾ ਲਏ ਨੇ ।
ਅੰਨ੍ਹਾਂ ਰੋੜ੍ਹਿਆ ਮਾਲ ਗੁਲਕਾਰੀਆਂ ਤੇ,
ਕੌਚ ਕੁਰਸੀਆਂ ਮੇਜ਼ ਸਜਵਾ ਲਏ ਨੇ ।
ਕਿਸੇ ਮਿਤ੍ਰ ਪਰਾਹੁਣੇ ਦੱਸ ਤਾਂ ਸਹੀ,
ਖਾਧਾ ਅੰਨ, ਬਹਿ ਕੇ ਤੇਰੇ ਨਾਲ ਭੀ ਹੈ ?

(4)

ਮੰਨ ਲਿਆ, ਤੂੰ ਬੜਾ ਬਲਕਾਰ ਵਾਲਾ,
ਕਰ ਕਰ ਕਸਰਤਾਂ ਦੇਹ ਲਿਸ਼ਕਾ ਲਈ ਤੂੰ,
ਚੌੜੀ ਹਿੱਕ ਤੇ ਜ਼ੋਰ ਵਿਚ ਭਰੇ ਡੌਲੇ,
ਗਰਦਨ ਸ਼ੇਰ ਦੇ ਵਾਂਗ ਅਕੜਾ ਲਈ ਤੂੰ,
ਸੰਗਲ ਤੋੜਦਾ ਮੋਟਰਾਂ ਰੋਕ ਲੈਂਦਾ,
ਗੱਡੀ ਹਿੱਕ ਉਤੋਂ ਦੀ ਲੰਘਾ ਲਈ ਤੂੰ,
ਇਸ ਬਲਕਾਰ ਤੇ ਸੱਜਣਾ ! ਆਕੜੀਂ ਨਾ,
ਤਾਕਤ ਨਾਲ ਜੇ ਧਾਂਕ ਬੈਠਾ ਲਈ ਤੂੰ ।
ਦੱਸ, ਖਿਮਾ ਤੇ ਹੌਸਲਾ ਹਈ ਪੱਲੇ ?
ਤਾਕਤ ਨਾਲ ਇਨਸਾਫ ਦਾ ਖ਼ਯਾਲ ਭੀ ਹੈ ?

(5)

ਮੰਨ ਲਿਆ, ਭਈ ਸ਼ਹਿਦ ਦੇ ਘੁੱਟ ਆਉਣ,
ਜੀਭ ਜਦੋਂ ਤੇਰੀ ਬੋਲ ਬੋਲਦੀ ਹੈ,
ਉਛਲ ਉਛਲ ਕੇ ਦਿਲ ਬਾਹਰ ਵਾਰ ਆਵੇ,
ਜਦ ਤਕਰੀਰ ਤੇਰੀ ਖਿੜਕੇ ਖੋਲਦੀ ਹੈ,
ਭੰਭਟ ਪੈਣ ਡਿਗ ਡਿਗ ਤੇਰੀ ਸ਼ਮਾਂ ਉਤੇ,
ਹੋ ਹੋ ਗਰਮ ਜਦ ਅੱਥਰੂ ਡੋਲ੍ਹਦੀ ਹੈ,
ਜਾਦੂਗਰਾ ! ਕਮਾਲ ਕਰ ਦੱਸਿਓ ਈ,
ਐਪਰ ਖਬਰ ਕੁਝ ਢੋਲ ਦੇ ਪੋਲਦੀ ਹੈ ?
ਰੋਗੀ ਦੁਖੀ ਦਾ ਦਰਦ ਵੰਡਾਣ ਖਾਤਰ,
ਆਇਆ ਜੀਉ ਵਿਚ ਤੇਰੇ ਉਬਾਲ ਭੀ ਹੈ ?

(6)

ਮੰਨ ਲਿਆ, ਵਿਦਵਾਨ ਤੇ ਚਤੁਰ ਭਾਰਾ,
ਖੋਜੀ ਇਲਮ ਦਾ, ਅਕਲ ਦਾ ਕੋਟ ਹੈਂ ਤੂੰ,
ਛੱਕੇ ਬਹਿਸ ਦੇ ਵਿਚ ਛੁਡਵਾਉਂਦਾ ਹੈਂ,
ਕਵੀਆਂ ਪੰਡਤਾਂ ਦੇ ਫੜਦਾ ਖੋਟ ਹੈਂ ਤੂੰ,
ਐਮ. ਏ. ਪਾਸ, ਇੰਗਲੈਂਡ ਰੀਟਰਨ ਭੀ ਹੈਂ,
ਕੌਂਸਲ ਵਾਸਤੇ ਜਿੱਤਦਾ ਵੋਟ ਹੈਂ ਤੂੰ,
ਐਪਰ ਪੜ੍ਹੇ ਤੇ ਅਮਲ ਜੇ ਨਹੀਂ ਕੀਤਾ,
ਹਾਲੀ ਆਲ੍ਹਣੇ ਤੋਂ ਡਿੱਗਾ ਬੋਟ ਹੈਂ ਤੂੰ ।
ਦੱਸ : ਧਰਮ, ਆਚਰਣ ਤੇ ਨੇਕੀਆਂ ਦੀ,
ਕੀਤੀ ਪੋਥੀਆਂ ਦੇ ਵਿੱਚੋਂ ਭਾਲ ਭੀ ਹੈ ?

(7)

ਰੂਪ ਰੰਗ ਤੇਰੇ, ਕੀਤੀ ਦੰਗ ਦੁਨੀਆਂ,
ਮੰਨ ਲਿਆ ਤੇਰੀ ਉੱਚੀ ਸ਼ਾਨ ਭੀ ਹੈ,
ਸੱਚੇ ਵਿਚ ਢਲਿਆ ਅੰਗ ਅੰਗ ਤੇਰਾ,
ਨਾਲ ਆਗਿਆਕਾਰ ਸੰਤਾਨ ਭੀ ਹੈ,
ਰਿਜ਼ਕ, ਫ਼ਜ਼ਲ, ਇੱਜ਼ਤ, ਮਿਲਖ, ਹੁਕਮ-ਹਾਸਲ,
ਕਿਸਮਤ ਵੱਲ, ਸਾਈਂ ਮਿਹਰਬਾਨ ਭੀ ਹੈ,
ਸਭ ਕੁਝ ਹੁੰਦਿਆਂ ਵੀ 'ਚਾਤ੍ਰਿਕ' ਯਾਦ ਕਰ ਖਾਂ,
ਪਾਪ ਕਰਦਿਆਂ ਕੰਬਦੀ ਜਾਨ ਭੀ ਹੈ ?
ਪ੍ਰੇਮ, ਸਭਯਤਾ, ਦਯਾ, ਭਲਮਾਣਸੀ ਦਾ,
ਮੂੰਹ ਤੇ ਝਲਕਦਾ ਰੱਬੀ ਜਲਾਲ ਭੀ ਹੈ ?

Read More! Learn More!

Sootradhar