ਪਿਤਾ ਵਲੋਂ ਪੁਤਰ ਨੂੰ ਸੂਚਨਾ's image
10 min read

ਪਿਤਾ ਵਲੋਂ ਪੁਤਰ ਨੂੰ ਸੂਚਨਾ

Dhani Ram ChatrikDhani Ram Chatrik
Share0 Bookmarks 170 Reads


(ਮੌਲਾਨਾ ਹਾਲੀ ਦੀ ਉਰਦੂ ਨਜ਼ਮ ਦਾ ਉਤਾਰਾ)

ਮਾਪਿਆਂ ਦਾ ਪੁੱਤ ਸੀ ਇਕ ਲਾਡਲਾ,
ਜਿੰਦ ਅੰਮਾਂ ਦੀ, ਸਹਾਰਾ ਬਾਪ ਦਾ ।
ਪਰਚਦੇ ਸਨ ਜੀ, ਉਸੇ ਇਸ ਬਾਲ ਨਾਲ,
ਚਾਨਣਾ ਸੀ ਘਰ ਉਸੇ ਇਕ ਲਾਲ ਨਾਲ ।
ਵਾਲ ਵਿੰਗਾ ਜੇ ਕਦੇ ਹੋਵੇ ਉਦ੍ਹਾ,
ਮੱਛੀ ਵਾਂਗਰ ਤੜਫਦੇ ਮਾਤਾ ਪਿਤਾ ।
ਰਾਤ ਦਿਨ ਸਦਕੇ ਉਦ੍ਹੇ ਲੈਂਦੇ ਰਹਿਨ,
ਜਾਨ ਤੱਕ ਤੋਂ ਉਸ ਲਈ ਤੱਯਾਰ ਸਨ ।
ਲਾਡਾਂ ਚਾਵਾਂ ਦੇ ਪੰਘੂੜੇ ਖੇਡਦਾ,
ਦਸ ਵਰ੍ਹੇ ਦੀ ਉਮਰ ਨੂੰ ਅੱਪੜ ਪਿਆ ।
ਵਿੱਦਿਆ ਪਟੜੀ ਤੇ ਚੜ੍ਹਿਆ ਨਾ ਅਜੇ,
ਚਾਰ ਅੱਖਰ ਭੀ ਓ ਪੜ੍ਹਿਆ ਨਾ ਅਜੇ ।
ਮਾਪਿਆਂ ਦਾ ਜ਼ੋਰ ਭੀ ਕੁਝ ਘੱਟ ਸੀ,
ਹੁੰਦਾ ਜਾਂਦਾ ਇੰਝ ਚੌੜ ਚੁਪੱਟ ਸੀ ।
ਪੜ੍ਹਨ ਤੋਂ ਸੀ ਇਸ ਤਰ੍ਹਾਂ ਕਣਿਆਉਂਦਾ,
ਕਾਂ ਗੁਲੇਲੇ ਤੋਂ ਜਿਵੇਂ ਘਬਰਾਉਂਦਾ ।
ਪਾ ਕੇ ਦਿਨ ਉਸ ਤੇ ਜਵਾਨੀ ਜਦ ਚੜ੍ਹੀ,
ਰੰਗ ਤਦ ਲੈ ਆਈ ਘਾਉਲ ਓਸ ਦੀ ।
ਲਾਡ ਦੀ ਕਰਤੂਤ ਸਾਰੀ ਘੁਲ ਗਈ,
ਮਾਪਿਆ ਦੀ ਟਹਿਲ ਸੇਵਾ ਭੁਲ ਗਈ ।
ਸਾਹਮਣੇ ਹਰ ਗੱਲ ਵਿਚ ਬੋਲਣ ਲਗਾ,
ਸ਼ਰਮ ਨੂੰ ਅੱਖਾਂ ਵਿਚ ਡੋਲਣ ਲਗਾ ।
ਮੋੜ ਸੇਵਾ ਦੇ ਤਾਂ ਕੀ ਸਨ ਮੋੜਨੇ,
ਲਗ ਪਿਆ ਉਲਟਾ ਸਗੋਂ ਤੋੜਨੇ ।
ਖੱਲੜੀ ਵਿਚ ਖ਼ੌਫ ਰੱਤੀ ਨਾ ਰਿਹਾ,
ਪੱਲੇ ਨਾ ਬੰਨ੍ਹੇ ਕਿਸੇ ਦੀ ਸਿੱਖਿਆ ।
ਧਨ ਬਿਲੋੜਾ ਬਾਹਰ ਜਾਇ ਉਜਾੜਦਾ,
ਮਾਪਿਆਂ ਨੂੰ ਤਾਉ ਦੇ ਦੇ ਸਾੜਦਾ ।
ਵੱਡਿਆਂ ਦੀ ਮੱਤ ਲੈਣੋਂ ਨੱਸਦਾ,
ਆਖਦੇ ਤਾਂ ਪੰਜ ਪੱਥਰ ਕੱਸਦਾ ।
ਭੈੜਿਆਂ ਦੇ ਨਾਲ ਗੋਸ਼ਟ ਹੋ ਗਈ,
ਜਾਕੇ ਬੈਠਾ ਨਾ ਭਲੀ ਬੈਠਕ ਕਦੀ ।
ਸ਼ਹਿਰ ਵਿਚ *ਲਟੋਰ* ਨਾਂ ਉਸਦਾ ਪਿਆ ,
ਅਰ ਤਮਾਸ਼ਾ ਘਰ ਟਿਕਾਣਾ ਬਣ ਗਿਆ ।
ਮੱਤ ਦਾ ਡਰ ਜਿਸ ਟਿਕਾਣੇ ਸਮਝਦਾ,
ਓਸ ਰਾਹੋਂ ਭੁੱਲ ਕੇ ਨਾ ਲੰਘਦਾ ।
ਸਿੱਖਿਆ ਤੋਂ ਸੀ ਸਦਾ ਘਬਰਾਉਂਦਾ,
ਛਾਂ ਭਲੇ ਲੋਕਾਂ ਦੀ ਹੇਠ ਨਾ ਆਉਂਦਾ ।
ਗੱਲ ਗੱਲ ਤੇ ਘਰ ਲੜਾਈ ਪਾ ਬਹੇ,
ਹਰ ਕਿਸੇ ਦੇ ਨਾਲ ਸਿੱਡਾ ਲਾ ਬਹੇ ।
ਸ਼ਾਨਤੀ ਤੇ ਧੀਰਜ ਠਰ੍ਹਮਾ ਨਾ ਰਹੇ,
ਤੁੱਛ ਜਿੰਨੀ ਗੱਲ ਨੂੰ ਨਾ ਜਰ ਸਕੇ ।
ਵਾਗ ਮਨ ਦੀ ਸਾਂਭਣੋਂ ਲਾਚਾਰ ਸੀ,
ਜੀਭ ਰੋਕਣ ਦਾ ਭੀ ਨਾ ਬਲਕਾਰ ਸੀ ।
ਉਸ ਦੇ ਕੰਡੇ ਸਭ ਨੂੰ ਪੈਂਦੇ ਸਾਂਭਣੇ,
ਡਰਦਿਆਂ ਪਰ ਹਸ ਨਾ ਸਕਣ ਸਾਹਮਣੇ,
ਅਸਲ ਵਿਚ ਉਹ ਕੁੱਖ ਭੈੜੀ ਦਾ ਨ ਸੀ,
ਪੱਟਿਆ ਹੋਇਆ ਸੀ ਬੈਠਕ ਚੰਦਰੀ ।
ਜਦ ਉਦ੍ਹਾ ਇਹ ਹਾਲ ਹੱਦੋਂ ਟੱਪਿਆ,
ਨੱਕ ਵਿਚ ਦਮ ਮਾਪਿਆਂ ਦਾ ਆ ਗਿਆ ।
ਬਾਪ ਨੇ ਤਦ ਸੱਦ ਕੋਲ ਬਹਾਇਆ,
ਨਾਲ ਮਿੱਠਤ ਦੇ ਉਹਨੂੰ ਸਮਝਾਇਆ ।
ਲਾਲ ! ਉਹ ਦਿਨ ਯਾਦ ਹਨ, ਜਾਂ ਭੁਲ ਗਏ,
ਜਦ ਇਹ ਜੋਬਨ ਤੇ ਜਵਾਨੀ ਕੁਛ ਨ ਸੇ ।
ਜਦ ਖਬਰ ਤੀਕ ਸੀ ਨ ਆਪਣੇ ਆਪ ਦੀ,
ਸੀ ਨਹੀਂ ਸਿੱਞਾਣ ਮਾਂ ਅਰ ਬਾਪ ਦੀ ।
ਰਾਖੀਆਂ ਸਨ ਕਰ ਰਹੇ ਮਾਤਾ ਪਿਤਾ,
ਆਪ ਸੌ ਇਕ ਮਾਸ ਦਾ ਤਦ ਲੋਥੜਾ ।
ਨਾਮ ਮਾਤਰ ਨੂੰ ਇਹ ਸਾਰੇ ਅੰਗ ਸਨ,
ਹਿੱਲਣੋਂ ਜੁਲਣੋਂ ਪਰੰਤੂ ਤੰਗ ਸਨ ।
ਗਿੱਡ ਅੱਖਾਂ ਤੋਂ ਛੁਡਾ ਸਕਦੇ ਨ ਸੇ,
ਮੂੰਹ ਤੋਂ ਮੱਖੀ ਤੱਕ ਉਡਾ ਸਕਦੇ ਨ ਸੇ ।
ਅੱਗ ਜਲ ਦਾ ਫਰਕ ਨਹਿੰ ਸੇ ਜਾਣਦੇ,
ਵਿਹੁ ਤੇ ਅੰਮ੍ਰਿਤ ਨੂੰ ਨ ਮੂਲ ਪਛਾਣਦੇ ।
ਰਾਤ ਅਰ ਦਿਨ ਦਾ ਨਹੀਂ ਸੀ ਗਯਾਨ ਕੁਛ,
ਧੁੱਪ ਅਰ ਛਾਂ ਦੀ ਨ ਸੀ ਪਹਿਚਾਨ ਕੁਛ ।
ਭੁੱਖ ਨਾਲ ਬਿਚੈਨ ਹੋ ਜਾਂਦੇ ਸੇ, ਪਰ
ਅਪਨੀ ਬੇਚੈਨੀ ਦੀ ਨਾ ਪੈਂਦੀ ਖ਼ਬਰ ।
ਪਿਆਸ ਲਗਦੀ ਸੀ ਤਾਂ ਰੋ ਪੈਂਦੇ ਸਦਾ,
ਪਰ ਨ ਪਾਣੀ ਮੰਗਣਾ ਸੀ ਆਉਂਦਾ ।
ਖਾ ਲਿਆ ਜੋ ਕੁਝ ਅਸਾਂ ਦਿੱਤਾ ਖੁਆ,
ਪੀ ਲਿਆ ਜੋ ਕੁਝ ਅਸਾਂ ਦਿੱਤਾ ਪਿਆ ।
ਕੇਈ ਵਾਰੀ ਅੱਗ ਨੂੰ ਫੜ ਫੜ ਲਿਆ,
ਪਾਣੀ ਦੇ ਵਿਚ ਕੁੱਦਣੋਂ ਨਾ ਸੰਗਿਆ ।
ਇਹ ਲੜਾਕੀ ਜੀਭ ਕਿੱਥੇ ਸੀ ਤਦੋਂ ?
ਗੱਲ ਭੀ ਇਕ ਕਰਨ ਸੀ ਔਖੀ ਜਦੋਂ ?
ਸਭ ਨੂੰ ਰੋ ਰੋ ਕੇ ਤੂੰ ਦੇਂਦਾ ਸੀ ਜਗਾ,
ਆਪਣੇ ਪਰ ਰੋਣ ਦਾ ਨਾਹਿੰ ਸੀ ਪਤਾ ।
ਦੁੱਖ ਦਾ ਦਾਰੂ ਪਿਲਾਂਦੇ ਸਾਂ ਜਦੋਂ,
ਰੋ ਕੇ ਘਰ ਸਿਰ ਪਰ ਉਠਾਂਦਾ ਸੈਂ ਤਦੋਂ,
ਠੰਢ ਵਿਚ ਲੀੜੇ ਅਸਾਂ ਜਦ ਪਾਉਣੇ,
ਤੂੰ ਘੜੀ ਵਿਚ ਖੇਹ ਨਾਲ ਰੁਲਾਉਣੇ ।
ਸੂਗ ਮਿੱਟੀ ਚਿੱਕੜੋਂ ਕਰਦਾ ਨ ਸੀ,
ਗੰਦਗੀ ਅਰ ਮੈਲ ਤੋਂ ਡਰਦਾ ਨ ਸੀ,
ਮਾਉਂ ਨੇ ਸਭ ਗੰਦ ਮੰਦ ਸਮੇਟਣਾ,
ਗਿਲੇ ਥਾਉਂ ਚੁੱਕ, ਓਥੇ ਲੇਟਣਾ ।
ਉਸ ਸਮੇਂ ਮਾਪੇ ਨ ਹੁੰਦੇ ਜੇ ਕਦੇ,
ਏਸ ਦੁੱਖ ਨੂੰ, ਲਾਲ ਜੀ ! ਤਦ ਸਮਝਦੇ ।
ਹਾਲ ਦਿਲ ਦਾ ਕਹਿਣ ਦੀ ਤਾਕਤ ਨ ਸੀ,
ਰੋਣ ਬਾਝੋਂ ਆਉਂਦਾ ਸੀ ਹੋਰ ਕੀ ?
ਭੁੱਖ ਤਰੇਹ ਜਿਸ ਵਕਤ ਸੀਗੀ ਲੱਗਦੀ,
ਬੁੱਲੀਆਂ ਹੀ ਟੇਰ ਸਕਦੇ ਸੀ ਤੁਸੀਂ ।
ਪਰ ਅਸੀਂ ਸਾਂ ਅਟਕਲੋਂ ਲਖ ਜਾਉਂਦੇ,
ਬੁੱਝ ਦਿਲ ਦੀ, ਆਣ ਸਾਂ ਪਰਚਾਉਂਦੇ ।
ਪਯਾਸ ਥੀਂ ਆਤੁਰ ਜੇ ਪਾਂਦੇ ਸਾਂ ਅਸੀਂ,
ਬਿਨ ਕਹੇ ਪਾਣੀ ਪਿਆਂਦੇ ਸਾਂ ਅਸੀਂ ।
ਭੁੱਖ ਕਰਕੇ ਜੇ ਵਿਆਕੁਲ ਪਾਉਂਦੇ,
ਦੁੱਧ ਤੈਨੂੰ ਬਾਰ ਬਾਰ ਚੁੰਘਾਉਂਦੇ ।
ਰੂਪ ਸਨ ਮਾਲੂਮ ਸਾਰੇ ਆਪ ਦੇ,
ਸਮਝਦੇ ਸਾਂ ਸਭ ਇਸ਼ਾਰੇ ਆਪ ਦੇ ।
ਦੁਖ ਤੈਨੂੰ ਜੇ ਰਤੀ ਹੁੰਦਾ ਕਦੀ,
ਖਿੱਚ ਪੈਂਦੀ ਆਂਦਰਾਂ ਨੂੰ ਆਪ ਹੀ ।
ਭੁੱਲ ਸਾਨੂੰ ਜਾਂਦੀਆਂ ਸੁੱਤੇ ਸੁਧਾਂ,
ਦੌੜਦੇ ਫਿਰਦੇ ਸਾਂ ਵਾਂਗਰ ਪਾਗਲਾਂ ।
ਕੇਈ ਰਾਤਾਂ ਜਾਗ ਜਾਗ ਗੁਜ਼ਾਰੀਆਂ,
ਰਾਤਾਂ ਓਹ ਜੋ ਜੁੱਗਾਂ ਨਾਲੋਂ ਭਾਰੀਆਂ ।
ਹੋਰ ਤੀਵੀਂ ਦਾ ਨ ਪਰਛਾਵਾਂ ਛੁਹੇ,
ਮਾਂ ਦੀ ਛਾਤੀ ਨਾਲ ਰਹਿੰਦੇ ਚੰਬੜੇ ।
ਦੁੱਧ ਜੇਕਰ ਓਪਰਾ ਦਿੱਤਾ ਕਦੇ,
ਮੂੰਹ ਭੂਆ ਕੇ ਦੰਦ ਅੱਗੋਂ ਮੀਟਦੇ ।
ਮਾਂ ਨੇ ਪਰ ਗਲ ਇਸ ਤਰ੍ਹਾਂ ਸੀ ਲਾਇਆ,
ਦੁੱਖ ਸਹਿ ਕੇ ਆਪ ਦਾ ਸੁਖ ਚਾਹਿਆ ।
ਇੱਕ ਨਾ ਇੱਕ ਦੁੱਖ ਰਹਿੰਦਾ ਨਾਲ ਸੀ,
ਅੱਜ ਖਸਰਾ ਕੱਲ ਮਾਤਾ ਤੁੱਸਦੀ ।
ਸਿਆਣਿਆਂ ਦੇ ਪੈਰ ਜਾ ਜਾ ਪਕੜਦੇ,
ਨੱਕ ਗੋਡਾ ਦਿਉਤਿਆਂ ਦੇ ਰਗੜਦੇ ।
ਭੱਜੇ ਫਿਰਦੇ ਸਾਂ ਹਕੀਮਾਂ ਦੇ ਸਦਾ,
ਢੂੰਢਦੇ ਫਿਰਦੇ ਸਦਾ ਦਾਰੂ ਦਵਾ ।
ਸਿਆਣਿਆਂ ਜੋ ਮੰਗਿਆ ਸੋ ਪਾਇਆ,
ਲੌਂਦਿਆਂ ਰਕਮਾਂ ਦਰੇਗ ਨਾ ਆਇਆ ।
ਰੋਗ ਨੂੰ ਵਧਿਆ ਜਦੋਂ ਸਾਂ ਦੇਖਦੇ,
ਫਿਕਰ ਦੇ ਵਿਚ ਸਾਹ ਸਾਡੇ ਸੁੱਕਦੇ ।
ਰਾਤ ਦਿਨ ਪਿਉ ਗਰਕ ਚਿੰਤਾ ਵਿਚ ਸੀ,
ਮਾਂ ਦੀ ਆਂਦਰ ਨੂੰ ਭੀ ਪੈਂਦੀ ਖਿੱਚ ਸੀ ।
ਜੀ ਜਰਾ ਜਜਮਾਲਿਆ ਜੇ ਜਾਉਂਦਾ,
ਚੈਨ ਨਾ ਸਾਨੂੰ ਭੀ ਪਲ ਭਰ ਅਉਂਦਾ ।
ਸੁੱਖਾਂ ਸੁਖਦੇ ਤੇਰੀਆਂ ਅੱਠੇ ਪਹਿਰ,
ਵੱਟ ਮੱਥੇ ਵੇਖ ਬਣਦੀ ਜਾਨ ਪਰ ।
ਤੇਰੀ ਖ਼ਾਤਰ ਦੁੱਖ ਤੇ ਦੁੱਖ ਉਠਾਇਆ,
ਦਸ ਬਰਸ ਤਕ ਚੈਨ ਪਲ ਨਾ ਪਾਇਆ ।
ਦੁੱਖ ਤੇਰੀ ਟਹਿਲ ਦੇ ਵਿਚ ਪਾਏ ਓਹ,
ਦੁਸ਼ਮਣਾਂ ਨੂੰ ਰੱਬ ਨਾ ਦਿਖਲਾਏ ਓਹ ।
ਆਵੇਗੀ ਸੇਵਾ ਅਸਾਡੀ ਯਾਦ ਤਾਂ,
ਆਪਣੇ ਘਰ ਹੋਇਗੀ ਔਲਾਦ ਜਾਂ ।
ਹੋਸ਼ ਆਈ ਸੂਤਕੋਂ ਜਦ ਨਿੱਕਲੇ,
ਫਿਰ ਫ਼ਿਕਰ ਹੋਈ ਕਿ ਇਹ ਕੁਛ ਪੜ੍ਹ ਲਵੇ ।
ਦੋ ਰਖੇ ਉਸਤਾਦ ਇਲਮ ਪੜ੍ਹਾਣ ਨੂੰ,
ਇੱਕ ਪੜ੍ਹਨਾ ਇੱਕ ਹਿਸਾਬ ਸਿਖਾਣ ਨੂੰ ।
ਪੰਜ ਇੱਕ ਨੂੰ, ਇੱਕ ਨੂੰ ਮਿਲਦੇ ਸੇ ਦਸ,
ਏਹ ਰਹੇ ਨੌਕਰ ਬਰਾਬਰ ਦੋ ਬਰਸ ।
ਅਪਨੇ ਅਪਨੇ ਕੰਮ ਵਿਚ ਹੁਸ਼ਿਆਰ ਸਨ,
ਪਰ ਤੇਰੇ ਹੱਥੋਂ ਹੋਏ ਲਾਚਾਰ ਸਨ ।
ਦੋਵੇਂ ਅਪਨਾ ਜ਼ੋਰ ਸਾਰਾ ਲਾ ਥਕੇ,
ਤੈਨੂੰ ਪਰ ਅੱਖਰ ਨ ਇੱਕ ਪੜ੍ਹਾ ਸਕੇ ।
ਖੇਡ ਤੋਂ ਭੀ ਵਿਹਲ ਨਹਿੰ ਸੀ ਆਉਂਦੀ,
ਲਿਖਣ ਪੜ੍ਹਨੋਂ ਜਾਨ ਸੀ ਘਬਰਾਉਂਦੀ ।
ਮੁਫਤ ਦੀ ਚੱਟੀ ਅਸੀਂ ਭਰਦੇ ਰਹੇ,
ਦੋ ਵਰ੍ਹੇ ਤੱਕ ਟਹਿਲ ਭੀ ਕਰਦੇ ਰਹੇ ।
ਪਰ ਜਦੋਂ ਤੂੰ ਕੱਖ ਭੀ ਨ ਸਿੱਖਿਆ,
ਦੇ ਕੇ ਕੁਛ ਦੋਹਾਂ ਨੂੰ ਮੱਥਾ ਟੇਕਿਆ ।
ਪਲ ਕੇ ਜਦ ਆਈ ਜਵਾਨੀ ਸੁੱਖ ਨਾਲ,
ਵਯਾਹ ਦੇ ਭਾਰੇ ਦਾ ਆਇਆ ਤਦ ਖਿਆਲ ।
ਹੁੰਦੀਆਂ ਸਨ ਜਾਤ ਵਿਚ ਕੁੜਮਾਈਆਂ,
ਵਯੌਹੜੀਆਂ ਭੀ ਦੇਖੀਆਂ ਦਿਖਲਾਈਆਂ ।
ਗਹਿਣੇ ਕਪੜੇ ਦਾ ਨ ਬਹੁਤ ਰਿਵਾਜ ਸੀ,
ਪੈਸਿਆਂ ਦੇ ਨਾਲ ਹੁੰਦਾ ਕਾਜ ਸੀ ।
ਜੇ ਅਸੀਂ ਭੀ ਘਰ ਬਚਾਣਾ ਚਾਹੁੰਦੇ,
ਛੈਣਿਆਂ ਦੇ ਨਾਲ ਪੁੱਤ ਵਿਆਹੁੰਦੇ ।
ਪਰ ਅਸਾਂ ਜੀ ਆਪਣੇ ਵਿਚ ਸੋਚਿਆ,
ਇੱਕ ਪੁੱਤਰ ਫੇਰ ਭੀ ਉਹ ਲਾਡਲਾ ।
ਲੱਗ ਜਾਵੇ ਭਾਵੇਂ ਸਾਰੀ ਜਾਇਦਾਦ,
ਵਜ ਵਜਾ ਕੇ ਵੇਖ ਲਈਏ ਪਰ ਮੁਰਾਦ ।
ਐਸ ਵੇਲੇ ਭੀ ਜੇ ਲੱਥੀ ਰੀਝ ਨਾ,
ਹੋਰ ਕਿਹੜੇ ਵਯਾਹ ਕਰਨੇ ਨੇ ਅਸਾਂ ।
ਫੇਰ ਇਹ ਦਿਨ ਹੱਥ ਕਿੱਥੋਂ ਆਇਗਾ,
ਜੀ ਦੇ ਵਿਚ ਅਰਮਾਨ ਇਕ ਰਹਿ ਜਾਏਗਾ ।
ਧਾਰ ਕੇ ਇਹ ਨੀਤ ਵਿਆਹ ਰਚਾਇਆ,
ਜੋ ਭੀ ਸਰ ਬਣ ਸਕਿਆ ਸੋ ਲਾਇਆ ।
ਯਾਦ ਜੇਕਰ ਨਾ ਹੋਵੇ ਆਪਣਾ ਵਿਆਹ,
ਸ਼ਹਿਰ ਦੇ ਛੋਟੇ ਵਡੇ ਹਨ ਸਭ ਗਵਾਹ ।
ਜਾਣਦੇ ਨੇ ਸਭ ਸ਼ਰੀਕੇ ਦੇ ਭਰਾ,
ਧਨ ਕਿਵੇਂ ਸੀ ਪਾਣੀ ਵਾਂਗੂੰ ਰੋੜ੍ਹਿਆ ।
ਦੇਣ ਲੱਗੇ ਕੁਝ ਨਾ ਸਰਫ਼ਾ ਛੱਡਿਆ,
ਜਿਸ ਨੂੰ ਦਿੱਤਾ, ਖੋਲ੍ਹ ਕੇ ਦਿਲ ਦੇ ਲਿਆ ।
ਅਗਲੀ ਅਰ ਪਿਛਲੀ ਪੁਰਾਣੀ ਤੇ ਨਈ,
ਜੰਦਰੇ ਵਿਚ ਰਾਸ ਪੂੰਜੀ ਪੈ ਗਈ ।
ਰੋਕੜੀ ਜੋ ਭਾਰ ਸੀ ਬਜ਼ਾਰ ਦਾ,
ਉਹ ਤਾਂ ਹੌਲਾ ਹੋ ਗਿਆ ਭਾਵੇਂ ਬੜਾ ।
ਪਰ ਜੋ ਹੈ ਜੈਦਾਦ ਤਦ ਦੀ ਫਸ ਚੁਕੀ,
ਅੱਜ ਤਕ ਸੜਦਾ ਹੈ ਜੀ ਉਸ ਦੇ ਲਈ ।
ਹੈ ਬਹੁਤ ਉਸ ਦੇ ਛੁਡਾਉਣ ਦਾ ਧਿਆਨ,
ਪਰ ਨਹੀਂ ਬਣਦਾ ਕੋਈ ਇਸਦਾ ਸਮਾਨ ।
ਘਰ ਦੇ ਵਿਚ ਜੋ ਹੈ ਤੰਗੀ ਹੋ ਰਹੀ,
ਤੇਰੀ ਖਾਤਰ ਹੀ ਮੁਸੀਬਤ ਹੈ ਪਈ ।
ਜ਼ਰ ਤੇ ਜਿੰਦੋਂ ਵੱਧ ਕੇ ਨਾ ਕੋਈ ਚੀਜ਼,
ਆਦਮੀ ਨੂੰ ਹੋਇ ਦੁਨੀਆਂ ਵਿਚ ਅਜ਼ੀਜ਼ ।
ਜਾਨ ਭੀ ਦੇਣੋਂ ਨ ਮੂੰਹ ਨੂੰ ਮੋੜਿਆ,
ਧਨ ਭੀ ਤੈਥੋਂ ਵਾਰਨੇ ਕਰ ਛੋੜਿਆ ।
ਖਾਣ ਨੂੰ ਹੰਢਾਣ ਨੂੰ ਜੋ ਚਾਹਿਆ,
ਸੋਈ ਹਾਜ਼ਰ ਕਰ ਕੇ ਭਾਰਾ ਲਾਹਿਆ ।
ਗੱਡੀ ਘੋੜੇ ਚੜ੍ਹਨ ਨੂੰ ਤੈਨੂੰ ਜੁੜੇ,
ਦਾਸ ਟਹਿਲਾਂ ਕਰਨ ਨੂੰ ਤੈਨੂੰ ਜੁੜੇ ।
ਹੁਣ ਤੇਰਾ ਵੇਲਾ ਸੀ ਭਾਰਾ ਲਾਹਣ ਦਾ,
ਬੁੱਢੇ ਮਾਂ ਪਿਉ ਨੂੰ ਆਰਾਮ ਪੁਚਾਉਣ ਦਾ ।
ਖੂਬ ਉਸ ਸੇਵਾ ਦਾ ਫਲ ਪਹੁੰਚਾਇਓ !
ਮਾਣ ਸਾਡਾ ਖੂਬ ਰੱਖ ਦਿਖਾਇਓ !
ਫਲ ਇਹੋ ਸੀ ਓਸ ਘੁਲ ਘੁਲ ਮਰਨ ਦਾ ?
ਮੁੱਲ ਇਹ ਸੀ ਓਸ ਸੇਵਾ ਕਰਨ ਦਾ ?
ਅੱਖ ਵਿਚ ਰੱਤੀ ਨਹੀਂ ਪਿਉ ਦਾ ਲਿਹਾਜ,
ਮਾਉਂ ਨੂੰ ਝਿੜਕਨ ਲਗੇ ਆਵੇ ਨ ਲਾਜ ।
ਘਰ ਦਾ ਦੋ ਦੋ ਦਿਨ ਨ ਬੂਹਾ ਤੱਕਦੇ,
ਆ ਗਏ ਤਾਂ ਪੰਜ ਪੱਥਰ ਚੱਕਦੇ ।
ਬਾਹਰ ਹਰ ਥਾਂ ਛਿੜ ਪਈ ਚਰਚਾ ਤੇਰੀ,
ਆਖੀਓ ਭੈੜੀ ਤਾਂ ਸੁਣੀਓ ਈ ਬੁਰੀ ।
ਟਿਚਕਰਾਂ ਕਰਦੇ ਨੇ ਸਾਨੂੰ ਬਿਰਧ ਬਾਲ,
ਸਾਨੂੰ ਭੀ ਬਦਨਾਮ ਕੀਤੋ ਆਪ ਨਾਲ ।
ਮੂੰਹ ਨਹੀਂ ਹੁੰਦਾ ਕਿਸੇ ਦੇ ਰੂਬਰੂ,
ਮਿੱਟੀ ਦੇ ਵਿਚ ਮਿਲ ਗਈ ਹੈ ਆਬਰੂ ।
ਹੁਣ ਤਾਂ ਸਾਡਾ ਚੱਲਣਾ ਹੀ ਹੈ ਭਲਾ,
ਪਤ ਗਈ ਤਾਂ ਹੋਰ ਕੀ ਬਾਕੀ ਰਿਹਾ ।
ਮੇਰਾ ਤੈਨੂੰ ਯਾਦ ਹੈ ਸਾਰਾ ਹਵਾਲ,
ਕਰਜ਼ ਵਿਚ ਬੱਧਾ ਹੈ ਵਾਲ ਵਾਲ ।
ਹੱਥ ਵਿਚ ਜ਼ਰ ਹੈ ਨ ਬਾਂਹ ਵਿਚ ਜ਼ੋਰ ਹੈ,
ਫ਼ਿਕਰ ਚਿੰਤਾ ਲੱਕ ਦਿੱਤਾ ਤੋੜ ਹੈ ।
ਹੁਣ ਤਾਂ ਹੈ ਇਹ ਜਿੰਦ ਸਾਹ ਵਰੋਲਦੀ,
ਮਰਨ ਖਾਤਰ ਥਾਂ ਪਈ ਹੈ ਟੋਲਦੀ ।
ਤੇਰੇ ਵਿਚ ਜੇ ਹੌਂਸਲਾ ਹੁੰਦਾ ਕਦੀ,
ਤਦ ਤਿਰੇ ਸਿਰ ਤੇ ਇਹ ਬਣਦਾ ਫਰਜ਼ ਸੀ ।
ਸਿਰ ਤੇ ਲੈਂਦੋਂ ਚੁੱਕ ਮੇਰੀ ਕਾਰ ਨੂੰ,
ਮੇਰੇ ਕੰਨ੍ਹੇ ਤੋਂ ਲਹਾਂਦੋਂ ਭਾਰ ਨੂੰ ।
ਜਿਸ ਤਰ੍ਹਾਂ ਕੀਤੀ ਅਸਾਂ ਸੇਵਾ ਤੇਰੀ,
ਬਾਂਹ ਫੜ ਲੈਂਦੋਂ ਤੂੰ ਸਾਡੀ ਇਸ ਘੜੀ ।
ਭਾਰ ਅਸਾਂ ਹੁਣ ਤੱਕ ਉਠਾਈ ਰੱਖਿਆ,
ਹੁਣ ਤੇਰਾ ਵੇਲਾ ਸੀ ਮੋਢਾ ਦੇਣ ਦਾ ।
ਸੁਖ ਅਸੀਂ ਭੀ ਦੇਖਦੇ ਸੰਤਾਨ ਦੇ,
ਲੋਕ ਕਰਦੇ ਜੱਸ ਕੁਲ ਦੀ ਸ਼ਾਨ ਦੇ ।
ਸੁੱਖ ! ਸਾਡੀ ਤਾਂ ਗੁਜ਼ਰ ਹੀ ਜਾਇਗੀ,
ਕੰਢੇ ਦਰਿਆ ਦੇ ਬਰੂਟੀ ਹੈ ਖੜੀ ।
ਤੂੰ ਤਾਂ ਹੈ ਪਰ ਉਮਰ ਏਥੇ ਕੱਟਣੀ,
ਹੁਣ ਅਜੇ ਸੁੱਖੀ ਜਵਾਨੀ ਹੈ ਚੜ੍ਹੀ ।
ਹੁਣ ਭੀ ਅਪਨੀ ਹੋਸ਼ ਸੰਭਲ, ਸਮਝ ਜਾ,
ਕੂੜੀ ਦੁਨੀਆਂ ਦੇ ਭੁਲੇਵੇ ਪਰ ਨ ਜਾ ।
ਖਿੰਡ ਗਈਆਂ ਬਹੁਤ ਹੁਣ ਰੁਸ਼ਨਾਈਆਂ,
ਕਦ ਤਲਕ ਆਖਰ ਇਹ ਬੇ-ਪਰਵਾਹੀਆਂ ?
ਖਾਣ ਖ਼ੇਡਣ ਦਾ ਜ਼ਮਾਨਾ ਹੋ ਚੁਕਾ,
ਨੀਂਦ ਆਲਸ ਦਾ ਬਹਾਨਾ ਹੋ ਚੁਕਾ ।
ਕਾਲ ਦਾ ਚੱਕਰ ਹੈ ਹਰ ਦਮ ਘਾਤ ਵਿਚ,
ਬਾਜ਼ੀ ਆਈ ਚਾਹੁੰਦੀ ਹੈ ਮਾਤ ਵਿਚ ।
ਘੁੱਸਿਆ ਵੇਲਾ ਕਦੀ ਮੁੜਨਾ ਨਹੀਂ,
ਦੇਖ ਭਾਈ ! ਫੇਰ ਇਹ ਜੁੜਨਾ ਨਹੀਂ ।
ਜੇ ਰਿਹੋਂ ਹੁਣ ਭੀ ਤੂੰ ਓਸੇ ਤਰ੍ਹਾਂ,
ਕਰ ਲਵੇਗਾ ਠੀਕ ਆਪੇ ਹੀ ਸਮਾਂ ।
ਤੱਕਲੇ ਦੇ ਵਾਂਗ ਸਿੱਧਾ ਕਰ ਲਊ,
ਠੇਡਿਆਂ ਦੇ ਨਾਲ ਅੱਗੇ ਧਰ ਲਊ ।
ਫਿਰ ਸੰਭਲਿਆ ਕੰਮ ਕਿਹੜੇ ਆਇਗਾ ?
ਜਦ ਸੰਭਲਿਆ ਨਾ ਸੰਭਲਿਆ ਜਾਇਗਾ ।
ਉੱਡਣੇ ਨੂੰ ਜੀ ਕਰੂ ਆਕਾਸ਼ ਵਲ,
ਰਹਿ ਨ ਜਾਏਗਾ ਪਰੰਤੂ ਬਾਂਹ ਬਲ ।
ਬੁੱਧਿ ਹੋਵੇਗੀ ਤੇ ਧਨ ਨਾ ਹੋਇਆ ।
ਕੋਈ ਭੀ ਪੂਰਾ ਜਤਨ ਨਾ ਹੋਇਗਾ ।
ਜਦ ਸਮਾਂ ਇਹ ਰੰਗਤਾਂ ਦਿਖਲਾਇਗਾ,
ਯਾਦ 'ਹਾਲੀ' ਦਾ ਕਿਹਾ ਤਦ ਆਇਗਾ ।

No posts

No posts

No posts

No posts

No posts