ਮਾਂ ਦਾ ਧੀ ਨੂੰ ਕੰਠਹਾਰ
(ਧਾਰਨਾ-ਜੇ ਸਾਡੀ ਬੀਬੀ ਮੋਟਾ ਪੀਹੇ……)
ਸਾਈਂ ਜੀਵੀ ! ਹੋ ਵਡਭਾਗਣ, ਸੁਖੀ ਵਸੇਂ ਹੋ ਬੁੱਢ ਸੁਹਾਗਣ,
ਦਿਨ ਦਿਨ ਭਾਗ ਮੱਥੇ ਦੇ ਜਾਗਣ, ਮਾਣੇਂ ਠੰਢੀਆਂ ਛਾਈਂ ਧੀ ।
ਗੱਲ ਮੇਰੀ ਇਕ ਲੈ ਜਾ ਪੱਲੇ, ਸੁਖ ਸੰਪਦ ਮਿਲਸੀ ਇਸ ਗੱਲੇ,
ਜੀਵਨ ਦੇ ਦਿਨ ਹੋਣ ਸੁਖੱਲੇ, ਇਸ ਨੂੰ ਭੁੱਲ ਨ ਜਾਈਂ ਧੀ ।
ਪੇਕੇ ਘਰ ਜੋ ਉਮਰ ਲੰਘਾਈ,ਇਸ ਵਿਚ ਫਿਕਰ ਨਹੀਂ ਸੀ ਕਾਈ,
ਹੁਣ ਤੂੰ ਜਾਣਾ ਜੂਹ ਪਰਾਈ, ਓਥੇ ਚੱਜ ਵਿਖਾਈਂ ਧੀ ।
ਸੱਸੂ, ਸਹੁਰਾ, ਨਣਦ, ਜਿਠਾਣੀ, ਮਾਂ ਪਿਉ ਭੈਣਾਂ ਵਾਂਗਰ ਜਾਣੀ,
ਨੀਵੀਂ ਅੱਖੀਂ, ਕੋਮਲ ਬਾਣੀ, ਮੱਥੇ ਵੱਟ ਨ ਪਾਈਂ ਧੀ ।
ਛੇਤੀ ਸੁਨਣਾ, ਹੌਲੀ ਕਹਿਣਾ, ਹੱਸੂੰ ਹੱਸੂੰ ਕਰਦੀ ਰਹਿਣਾ,
ਸੰਜਮ ਦੇ ਵਿਚ ਉੱਠਣਾ ਬਹਿਣਾ, ਸੁਘੜਾਂ ਹਾਰ ਵਖਾਈਂ ਧੀ ।
ਸਹੁਰੇ ਹੁੰਦੇ ਤਿਲਕਣਬਾਜ਼ੀ, ਹਰ ਗੱਲੇ ਕਹਿ ਭਲਾ ਭਲਾ ਜੀ,
ਗਲੀ ਗੁਆਂਢਣ ਰੱਖੀਂ ਰਾਜੀ, ਚਿੱਤ ਨ ਕੋਈ ਦੁਖਾਈਂ ਧੀ ।
ਕਦੇ ਨ ਮਾਰੀਂ ਕੂੜੀਆਂ ਠੀਸਾਂ, ਅੜਬਾਂ ਦੀਆਂ ਨ ਸਿੱਖੀਂ ਰੀਸਾਂ,
ਰਾਜੀ ਕਰ ਕਰ ਲਈਂ ਅਸੀਸਾਂ, ਨਿਉਂ ਨਿਉਂ ਝੱਟ ਲੰਘਾਈਂ ਧੀ ।
ਮਿੱਠਾ ਕਹਿਣਾ, ਕੌੜਾ ਜਰਨਾ, ਹਰ ਗੱਲ ਦੇ ਵਿਚ ਜੀ ਜੀ ਕਰਨਾ,
ਠੰਢੀ ਹੋਇ ਕ੍ਰੋਧ ਨੂੰ ਹਰਨਾ, ਪਿੱਤਾ ਮਾਰ ਵਿਖਾਈਂ ਧੀ ।
ਵੇਖ ਕਿਸੇ ਨੂੰ ਕਰੀਂ ਨ ਸਾੜਾ, ਇਹ ਲੱਛਣ ਤੀਵੀਂ ਨੂੰ ਮਾੜਾ,
ਸਾੜੇ ਦੇ ਥਾਂ ਪਏ ਉਜਾੜਾ, ਮੰਦਾ ਰੋਗ ਨ ਲਾਈਂ ਧੀ ।
ਬਹੁਤਾ ਬੋਲਣ ਝੂਠ ਬਖੀਲੀ, ਕਦੇ ਨ ਕਰੀਂ ਨ ਬਣੀ ਹਠੀਲੀ,
ਨੀਵੇਂ ਨੈਣ, ਜ਼ਬਾਨ ਰਸੀਲੀ, ਮੱਥਾ ਸਦਾ ਖਿੜਾਈਂ ਧੀ ।
ਤੜਕੇ ਜਾਗ ਚਿਰਾਕੀ ਸੌਣਾ, ਦਿਨੇ ਸੌਣ ਦਾ ਝੱਸ ਨਾ ਪੌਣਾ,
ਦੇਹ ਨੂੰ ਆਲਸ ਰੋਗ ਨ ਲਾਉਣਾ, ਘਰ ਨੂੰ ਸਵਰਗ ਬਣਾਈਂ ਧੀ ।
ਪੇਕਿਆਂ ਦਾ ਧਨ ਧਾਮ ਸਲਾਹ ਕੇ, ਕੀ ਲੈਣਾ ਪਰਤਾਪ ਸੁਣਾ ਕੇ,
ਜੋ ਸੁਖ ਡਿੱਠੇ ਸਹੁਰੇ ਜਾ ਕੇ, ਗੀਤ ਉਨ੍ਹਾਂ ਦੇ ਗਾਈਂ ਧੀ ।
ਜਾਦੂ ਟੂਣੇ ਮੰਤਰ ਝਾੜੇ, ਝੂਠੇ ਹਨ ਏਹ ਸੱਭ ਪੁਆੜੇ,
ਤੀਵੀਂ ਤਾਈਂ ਕਰਨੇ ਮਾੜੇ, ਝਾਤੀ ਭੁੱਲ ਨ ਪਾਈਂ ਧੀ ।
ਪਾਂਧੇ, ਰੌਲ, ਜੋਤਸ਼ੀ ਸਾਰੇ, ਗੱਲਾਂ ਕਰ ਕਰ ਤੋੜਨ ਤਾਰੇ,
ਜੋ ਪਰਮੇਸ਼ਰ ਰੱਖੇ ਮਾਰੇ, ਉਸਦੀ ਆਸ ਤਕਾਈਂ ਧੀ ।
ਸਵਾਮੀ ਹੈ ਪਰਮੇਸ਼ਰ ਤੇਰਾ, ਉਸ ਤੋਂ ਕੋਇ ਨ ਦੇਵ ਵਡੇਰਾ,
ਉਸ ਸੇਵਾ ਦਾ ਲਾਭ ਚੰਗੇਰਾ ਹੋਰ ਨ ਕਿਧਰੇ ਜਾਈਂ ਧੀ ।
ਸਾਈਂ ਤੇਰਾ ਸਭ ਸੁਖ ਰਾਸੀ, ਉਸਦੀ ਰਹਿਣਾ ਬਣ ਕੇ ਦਾਸੀ,
ਪਾਵੇਂਗੀ ਤਦ ਸੁਖ ਅਬਿਨਾਸ਼ੀ, ਉਸ ਦੀ ਟਹਿਲ ਕਮਾਈਂ ਧੀ ।
ਮਾਲਕ ਦੇ ਹੁਕਮਾਂ ਵਿਚ ਰਹਿਣਾ, ਇਹ ਤੀਵੀਂ ਦਾ ਉੱਤਮ ਗਹਿਣਾ,
ਗੁੱਸੇ ਨੂੰ ਕਰ ਧੀਰਜ ਸਹਿਣਾ, ਸੁੱਚਾ ਜ਼ੇਵਰ ਪਾਈਂ ਧੀ ।
ਕੋਈ ਭੁੱਲ ਕਰੇ ਜੇ ਸਾਈਂ, ਤਦ ਭੀ ਮੱਥੇ ਵੱਟ ਨ ਪਾਈਂ,
ਸਮਾਂ ਟਲਾਇ, ਇਕੱਲੇ ਤਾਈਂ, ਮਿੱਠੀ ਬਣ ਸਮਝਾਈਂ ਧੀ ।
ਉਜਲੇ ਲੀੜੇ ਪਹਿਨੀਂ ਚੰਗੇ, ਐਪਰ ਗੂੜ੍ਹੇ ਰੰਗ ਨ ਰੰਗੇ,
ਢੱਕਣ ਜੁੱਸਾ ਹੋਣ ਸੁਢੰਗੇ, ਹੰਢਣਹਾਰ ਹੰਢਾਈਂ ਧੀ ।
ਜੇ ਇਹ ਸਿਖਯਾ ਕੰਠ ਕਰੇਂਗੀ, ਤੁਰਤ ਏਹਨਾਂ ਤੇ ਦੁੱਖ ਹਰੇਂਗੀ,
ਸੁਖ ਸੰਪਟ ਭੰਡਾਰ ਭਰੇਂਗੀ, ਰੋਜ ਇਨ੍ਹਾਂ ਨੂੰ ਗਾਈਂ ਧੀ ।