ਕੋਰਾ ਕਾਦਰ's image
0286

ਕੋਰਾ ਕਾਦਰ

ShareBookmarks


(ਇਕ ਜਗਯਾਸੂ ਦੀ ਆਤਮਾ ਵਿਚ ਬੈਠ ਕੇ)
ਹੇ ਮੇਰੇ ਉਹ ! ਕਿ ਜਿਦ੍ਹਾ ਅੰਤ ਨਹੀਂ, ਆਦ ਨਹੀਂ,
ਹੇ ਮੇਰੇ ਉਹ ! ਕਿ ਜਿਦ੍ਹਾ ਨਾਮ ਅਜੇ ਯਾਦ ਨਹੀਂ,
ਹੇ ਮੇਰੇ ਉਹ ! ਕਿ ਜਿਦ੍ਹਾ ਘਰ ਕਿਤੇ ਆਬਾਦ ਨਹੀਂ,
ਕੌਣ ਹੈਂ ?ਕੀ ਹੈਂ ?ਤੇ ਕਿਸ ਥਾਂ ਹੈਂ ?ਜ਼ਰਾ ਦੱਸ ਤਾਂ ਸਹੀ,
ਸਾਧੀ ਊ ਚੁੱਪ ਕਿਹੀ ? ਖੁਲ੍ਹ ਕੇ ਜ਼ਰਾ ਹਸ ਤਾਂ ਸਹੀ ।

ਢੂੰਡਦੇ ਤੇਰਾ ਟਿਕਾਣਾ, ਹੋਏ ਬਰਬਾਦ ਕਈ,
ਤੇਰੇ ਦਰ ਲਈ ਕਰ ਗਏ ਫਰਯਾਦ ਕਈ,
ਤੇਰੇ ਰਾਹਾਂ ਤੇ ਖਲੇ ਫਸ ਗਏ ਆਜ਼ਾਦ ਕਈ,
ਰੁੜ੍ਹ ਗਏ ਤਾਰੂ ਕਈ, ਭੁਲ ਗਏ ਉਸਤਾਦ ਕਈ,
ਫਿਕ੍ਰ ਨੇ ਗੋਤਾ ਲਗਾ ਥਾਹ ਨ ਪਾਈ ਤੇਰੀ,
ਉੱਡ ਕੇ ਪਾ ਨ ਸਕੀ ਅਕਲ ਉੱਚਾਈ ਤੇਰੀ,

ਸੀਨਾ ਏਕਾਂਤ ਦਾ ਭੀ ਵਸਦਾ ਨਾ ਕਿਧਰੇ ਪਾਇਆ,
ਤਯਾਗ ਦੇ ਨੰਗ ਤੇ ਭੀ, ਡਿੱਠਾ ਨਾ ਤੇਰਾ ਸਾਇਆ,
ਵਸਤੀਆਂ ਵਿਚ ਭੀ ਨਜ਼ਰ ਜਲਵਾ ਨਾ ਤੇਰਾ ਆਇਆ,
ਨਾ ਬੀਆਬਾਨੀਂ ਕਿਤੇ ਜਾਪਦਾ ਤੰਬੂ ਲਾਇਆ,
ਦੱਸਾਂ ਇਹ ਪੈਣ, ਕਿ ਹੈ, ਹੈ, ਪਰ ਅਜੇ ਦੂਰ ਜਿਹੇ,
ਦੂਰ ਜਾ ਜਾ ਕੇ ਭੀ ਸੁਣਦੇ ਹੀ ਗਏ *ਦੂਰ ਜਿਹੇ* ।

ਦੂਰੀਆਂ ਕੱਛਦੇ ਜਦ ਕਰ ਨ ਸਕੇ ਟੋਲ ਕਿਤੇ,
ਵਾਜ ਆਈ, ਕਿ ਉਹੋ ! ਦੇਖ ਜ਼ਰਾ ਕੋਲ ਕਿਤੇ,
ਆਪਣੇ ਅੰਦਰੇ ਮਤ, ਹੋਵੇ ਅਣਭੋਲ ਕਿਤੇ,
ਕੀਤੀ ਪੜਚੋਲ ਕਿਤੇ, ਟੋਲ ਕਿਤੇ, ਫੋਲ ਕਿਤੇ,
ਖੋਜੀਆਂ ਖੂੰਜਾਂ ਸਭੇ, ਆਈ ਕਿਤੋਂ ਵਾ ਭੀ ਨਹੀਂ,
ਕੈਸਾ ਅੰਧੇਰ ਪਿਆ, ਹੈਂ ਭੀ ਤੇ ਦਿਸਦਾ ਭੀ ਨਹੀਂ ।

ਅੱਡ ਕੇ ਐਡੇ ਅਡੰਬਰ ਨੂੰ ਕਿਧਰ ਜਾ ਬੈਠੋਂ ?
ਦੇ ਕੇ ਝਲਕਾਰਾ ਜਿਹਾ, ਪੜਦੇ ਕਿਹੇ ਪਾ ਬੈਠੋਂ ?
ਨੈਣਾਂ ਵਿਚ ਤਾਂਘ ਟਿਕਾ, ਨੈਣ ਕਿਤੇ ਲਾ ਬੈਠੋਂ ?
ਜਿਉੇਂਦਿਆਂ ਫੇਰ ਕਦੀ ਮਿਲਨੇ ਦੀ ਸਹੁੰ ਪਾ ਬੈਠੋਂ ?
ਕੁੰਡੀ ਵਿਚ ਫਾਹਣਾ, ਤੇ ਉੱਪਰ ਨ ਉਠਾਣਾ, ਇਹ ਕੀ ?
ਹਸਦਿਆਂ ਤੋਰ ਕੇ ਫਿਰ ਮੂੰਹ ਨਾ ਦਿਖਾਣਾ ਇਹ ਕੀ ?

ਡਾਢਾ ਤੜਫਾਇਆ ਜੋ ਨਿਕਲੇ ਤੇਰੇ ਦੀਦਾਰ ਲਈ !
ਭੁੱਜੇ ਪਰਵਾਨੇ ਕਈ, ਚੁੰਮ ਗਏ ਦਾਰ ਕਈ !
ਕੈਸ, ਫਰਿਹਾਦ, ਰੰਝੇਟੇ ਤੇ ਮਹੀਂਚਾਰ ਕਈ !
ਹੋ ਗਏ ਢੇਰ, ਮੁਹੱਬਤ ਦੇ ਖ਼ਰੀਦਾਰ ਕਈ !
ਆਇਆ ਕੁਝ ਹੱਥ ਕਿਸੇ ਦੇ, ਤਾਂ ਸੁੰਗੜਵਾ ਦਿੱਤਾ !
ਜੰਦਰਾ ਨਾਲ ਹੀ ਤੂੰ ਜੀਭ ਉੱਤੇ ਲਾ ਦਿੱਤਾ !

ਜਾਂ ਮਿਜਾਜੀ ਨੂੰ ਮਜ਼ਾ ਆਇਆ, ਹਕੀਕੀ ਹੋਇਆ,
ਸੂਫੀਆਂ ਭੀ ਨ ਸੁਣਾਇਆ, ਕਿ ਅਗ੍ਹਾਂ ਕੀ ਹੋਇਆ ?
ਐਡੀਆਂ ਘਾਲਾਂ ਦਾ ਭੀ ਸਿੱਟਾ ਉਹੋ ਹੀ ਹੋਇਆ,
ਆਪੇ ਵਿਚ ਡਾਂਗ ਚਲੀ, ਫੁੱਟ ਨੇ ਪਾਇਆ ਘੇਰਾ,
ਫ਼ਲਸਫਾ ਹੰਭ ਗਿਆ, ਥਿਉਰੀਆਂ ਘੜਦਾ ਘੜਦਾ,
ਬਹਿ ਗਿਆ ਥਕ ਕੇ ਅਮਲ, ਪੌੜੀਆਂ ਚੜ੍ਹਦਾ ਚੜ੍ਹਦਾ ।

ਜੁੱਗਾਂ ਤੋਂ ਪ੍ਰਸ਼ਨ ਤੇਰਾ ਠੇਡੇ ਪਿਆ ਖਾਂਦਾ ਹੈ,
ਹੋਣ ਤੇ ਹੱਲ ਪਰ ਅਜ ਤੀਕ ਨਹੀਂ ਆਂਦਾ ਹੈ,
ਹਰ ਕੋਈ ਘੋੜੇ ਕਿਆਸੀ ਰਿਹਾ ਦੌੜਾਂਦਾ ਹੈ,
ਅੰਤ ਪਰ ਲੀਲਾ ਤੇਰੀ ਦਾ ਨ ਲਿਆ ਜਾਂਦਾ ਹੈ ।
ਤੂੰ ਰਿਹੋਂ ਮੋਨ, ਤੇ ਸਰਬੱਗ ਨ ਆਇਆ ਕੋਈ !
ਆਸ ਦੀ ਟੁੱਟੀ ਕਮਰ ਆਗੂ ਨ ਪਾਇਆ ਕੋਈ !

ਤਾੜ ਕੇ ਭੀੜ ਲਗੀ, ਦਰਸ ਦੇ ਚਾਹਵਾਨਾਂ ਦੀ,
ਤੁਰ ਪਈ ਤੋਰ, ਦਿਖਾਵੇ ਦੇ ਹਿਰਬਾਨਾਂ ਦੀ,
ਲਗ ਗਈ ਗਾੜ੍ਹੀ ਛਣਨ, ਦਰਸ਼ਨੀ ਪਲ੍ਹਵਾਨਾਂ ਦੀ,
ਹੋ ਗਈ ਚਾਂਦੀ, ਖਿਜ਼ਰ-ਵੇਸੀਏ ਸ਼ੈਤਾਨਾਂ ਦੀ,
ਲੁੱਟਿਆ ਖ਼ੂਬ ਤੇ ਅਹਿਮਕ ਭੀ ਬਣਾਇਆ ਸਭ ਨੇ ।
ਆਪਣੇ ਮਤਲਬ ਦਾ, ਰੰਗ ਚੜ੍ਹਾਇਆ ਸਭ ਨੇ ।

ਦੇਖ ਇਹ ਲੁੱਟ ਪਈ, ਨੇਕ ਰੂਹਾਂ ਆ ਗਈਆਂ,
ਕੱਢ ਕੇ ਭੱਠ ਵਿਚੋਂ ਠੰਢ ਕੁਝਕੁ ਪਾ ਗਈਆਂ,
ਚਾਰ ਦਿਨ ਚੋਜ ਵਿਖਾ, ਭਰਮ ਜਿਹਾ ਲਾ ਗਈਆਂ,
ਕੱਚੀ ਆਵੀ ਸੀ ਅਜੇ, ਭੇਦ ਨਾ ਸਮਝਾ ਗਈਆਂ,
ਚੇਲਿਆਂ ਚਾਟੜਿਆਂ ਨਕਸ਼ਾ ਈ ਪਲਟਾ ਦਿੱਤਾ,
ਵੱਖੋ ਵੱਖ ਟਪਲੇ ਬਣਾ, ਰੌਲਾ ਜਿਹਾ ਪਾ ਦਿੱਤਾ ।

ਨਿੰਦਿਆ, ਝੂਠ, ਕਪਟ, ਫੇਰ ਜਮਾਇਆ ਡੇਰਾ,
ਰਾਸਤੀਂ ਭੁੱਲ ਗਈ, ਰਾਹ ਨਾ ਆਇਆ ਤੇਰਾ,
ਵੀਰਾਂ ਵਿਚ ਹੋਣ ਲਗਾ, ਵਿਤਕਰਾ *ਤੇਰਾ ਮੇਰਾ*,
ਆਪੋ ਵਿਚ ਡਾਂਗ ਚਲੀ, ਫੁੱਟ ਨੇ ਪਾਇਆ ਘੇਰਾ,
ਹੱਕਾਂ ਦੇ ਭੇੜ ਛਿੜੇ, ਅਮਨ ਪਰੇ ਜਾ ਬੈਠਾ,
ਕੰਡਾਂ ਮਲਵਾਂਦਾ ਜਗਤ ਘੰਡੀ ਭੀ ਭੰਨਵਾ ਬੈਠਾ !

ਤੇਰੀ ਅਣਹੋਂਦ ਨੇ, ਕੀ ਕੀ ਨ ਵਿਖਾਇਆ ਸਾਨੂੰ ?
ਵਖਤ ਕੋਈ ਰਹਿ ਭੀ ਗਿਆ ? ਤੂੰ ਜੋ ਨ ਪਾਇਆ ਸਾਨੂੰ,
ਤੂੰ ਤਾਂ ਬਹੁਤੇਰਾ ਗਲੋਂ ਲਾਹੁਣਾ ਚਾਹਿਆ ਸਾਨੂੰ,
ਐਸੇ ਪਰ ਢੀਠ ਬਣੇ, ਸਬਰ ਨਾ ਆਇਆ ਸਾਨੂੰ,
ਏਹੋ ਕੁਝ ਮਾਪੇ ਉਲਾਦਾਂ ਨੂੰ ਦਿਆ ਕਰਦੇ ਨੇਂ ?
ਆਪਣਿਆ ਨਾਲ ਬੇਗਾਨੇ ਹੀ ਰਿਹਾ ਕਰਦੇ ਨੇਂ ?

ਸਾਡੇ ਵਿਚ ਭੈੜ ਸਹੀ, ਤੂੰ ਹੀ ਚੰਗਾਈ ਕਰਦੋਂ !
ਚੁੱਕ ਕੇ ਪੜਦਾ ਜਰਾ, ਜਲਵਾ ਨਮਾਈ ਕਰਦੋਂ !
ਡੁੰਮ ਡੋਹਿਆਂ ਤੋਂ ਬਚਾ, ਦਿਲ ਦੀ ਸਫਾਈ ਕਰਦੋਂ !
ਪਾਪ ਦੇ ਰੋਗੀਆਂ ਦਾ ਦਾਰੂ ਦਵਾਈ ਕਰਦੋਂ !
ਚਾਹੁੰਦੋਂ ਤੂੰ ਤਾਂ ਕੋਈ ਹਥ ਭੀ ਫੜਨ ਵਾਲਾ ਸੀ ।
ਹੋਰ ਕੀ ਕਹੀਏ ਤੇਰਾ ਆਪਣਾ ਦਿਲ ਕਾਲਾ ਸੀ ।

ਕੋਰਿਆ ! ਦਸ ਤਾਂ ਸਹੀ, ਤੋੜ ਵਿਛੋੜੇ ਕਦ ਤਕ ?
ਪੀੜਨਾ ਖ਼ੂਨ ਅਜੇ ਦੇ ਦੇ ਮਰੋੜੇ ਕਦ ਤਕ ?
ਧੁਰ ਦਿਆਂ ਵਿਛੜਿਆਂ ਵਲ, ਪਾਣੇ ਨੇ ਮੋੜੇ ਕਦ ਤਕ ?
ਕਿੰਨਾ ਤੜਫਾਣਾ ਅਜੇ, ਕਸਣੇ ਨੇਂ ਤੋੜੇ ਕਦ ਤਕ ?
ਐਡਾ ਟਗਾਰ ਭੀ ਕੀ ? ਆ ! ਕੋਈ ਇਨਸਾਫ ਭੀ ਕਰ ।
ਬੱਸ ਹੁਣ ਜਾਣ ਭੀ ਦੇ, ਭੁੱਲ ਗਏ ਮਾਫ ਭੀ ਕਰ ।

ਵੇਖਦਾ ਹੈਂ, ਕਿ ਨਹੀਂ ! ਅੱਗ ਕਿਹੀ ਬਲਦੀ ਹੈ ।
ਟੁਕੜਿਆਂ ਵਾਸਤੇ ਤਲਵਾਰ ਕਿਵੇਂ ਚਲਦੀ ਹੈ ।
ਮੱਛੀ ਵਿਕਦੀ ਹੈ ਕਿਵੇਂ, ਸੁਰ ਨਾ ਕੋਈ ਰਲਦੀ ਹੈ ।
ਤੇਰੀ ਔਲਾਦ ਲਹੂ ਪੀਣੋਂ ਭੀ ਨਾ ਟਲਦੀ ਹੈ ।
ਭਾਵੇਂ ਕੌੜੀ ਹੀ ਲਗੂ ! ਤੇਰੇ ਹੀ ਸਭ ਕਾਰੇ ਨੇਂ ।
ਤੇਰੀ ਇਕ ਹੋਂਦ ਖੁਣੋਂ, ਵਖਤ ਪਏ ਸਾਰੇ ਨੇਂ ।

ਤੂੰ ਜੇ ਵਿਚ ਹੋਵੇਂ ਖੜਾ, ਅਕਲ ਸਿਖਾਉਣ ਵਾਲਾ,
ਜੰਮਿਆਂ ਕੌਣ ਹੈ ਫਿਰ, ਲੂਤੀਆਂ ਲਾਉਣ ਵਾਲਾ !
ਤੂੰਹੇਂ ਪਰ ਹੋਇਓਂ ਜੇ ਲੁਕ ਲੁਕ ਕੇ ਸਤਾਉਣ ਵਾਲਾ,
ਤੇਰੀ ਲਾਈ ਨੂੰ ਉਠੇ ਕੌਣ ਬੁਝਾਉਣ ਵਾਲਾ ?
ਆ ! ਅਜੇ ਵਕਤ ਹਈ, ਵਿਗੜੀ ਬਣਾ ਲੈ ਆ ਕੇ,
ਖੋਟੇ ਖਰਿਆਂ ਦੀ ਤੂੰਹੇਂ ਲਾਜ ਬਚਾ ਲੈ ਆ ਕੇ ।

ਪਿੱਛੋਂ ਆਖੇਂਗਾ ਪਿਆ, ਕੀਤੀ ਤੁਸਾਂ ਕਾਰ ਨਹੀਂ,
ਸਾਫ਼ ਆਖਾਂਗੇ ਤਦੋਂ, ਦੱਸੀ ਕਿਸੇ ਸਾਰ ਨਹੀਂ,
ਤੂੰ ਹੈਂ ਮਾਬੂਦ ਖਰਾ, ਏਸ ਤੋਂ ਇਨਕਾਰ ਨਹੀਂ,
ਹੋਈਆਂ ਪਰ ਅੱਜ ਤਲਕ ਅੱਖਾਂ ਭੀ ਦੋ-ਚਾਰ ਨਹੀਂ,
ਸਾਹਮਣੇ ਹੋਏ ਬਿਨਾਂ ਕਰ ਕੇ ਵਿਖਾਂਦੇ ਕਿਸ ਨੂੰ ?
ਲੱਖਾਂ ਕਲਬੂਤ ਖੜੇ, ਦਿਲ ਦੀ ਸੁਣਾਂਦੇ ਕਿਸ ਨੂੰ ?

ਹੋਕਾ ਦੇਂਦੇ ਹਾਂ ਪਏ, ਗਲ ਨਾਲ ਲਾ ਲੈ ! ਲਾ ਲੈ !
ਤੇਰੇ ਬੰਦੇ ਹਾਂ ਖਰੇ, ਕਦਮਾਂ 'ਚ ਪਾ ਲੈ ! ਪਾ ਲੈ !
ਤੇਰੀ ਦਹਿਲੀਜ਼ ਤੇ ਸਿਰ ਨੀਵਾਂ ਹੈ, ਚਾ ਲੈ ! ਚਾ ਲੈ !
ਹੋਰ ਕੀ ਆਖੀਏ ? ਜੀ ਖੋਲ੍ਹ ਕੇ ਤਾ ਲੈ ! ਤਾ ਲੈ !
ਆਇਆ ਹੁਣ ਨਾ ਤੇ ਕਿਆਮਤ ਨੂੰ ਜੇ ਆਇਆ ਕਿਸ ਕੰਮ ?
ਸੁਕ ਗਿਆ ਖੇਤ ਜਦੋਂ, ਮੀਂਹ ਜੇ ਵਰ੍ਹਾਇਆ ਕਿਸ ਕੰਮ ?

ਮਾਫ਼ ਕਰਨਾ ਕਿ ਜ਼ਰਾ ਖੁੱਲਮ-ਖੁਲੀਆਂ ਕਹੀਆਂ,
ਤੇਰੇ ਅਹਿਸਾਨਾਂ ਦੀਆਂ ਚੀਸਾਂ ਨੇ ਨਿੱਕਲ ਰਹੀਆਂ ,
ਡੋਬਦੋਂ ਆਪ ਨ ਜੇ : ਸਾਡੀਆਂ ਤੂੰਹੇਂ ਵਹੀਆਂ ,
ਅੱਕ ਕੇ ਨਿਕਲਦੀਆਂ ਗੱਲਾਂ ਨ ਏਹੋ ਜਹੀਆਂ,
ਤੇਰੇ ਬਿਨ ਕੌਣ ਸੁਣੇ ? ਲਾਡ ਤੇ ਰੋਸੇ ਅੜਿਆ !
ਤੂੰਹੇਂ ਤੂੰ ਜਾਪਨਾ ਏਂ, ਪੱਲਾ ਤੇਰਾ ਆ ਫੜਿਆ !

ਤੂੰ ਨਿਰੰਕਾਰ ਹੈਂ, ਪਰ ਰੂਪ ਤਾਂ ਧਰ ਸਕਦਾ ਹੈਂ,
ਸਾਹਮਣੇ ਹੋਣ ਤੋਂ ਫਿਰ ਕਾਹਨੂੰ ਪਿਆ ਝਕਦਾ ਹੈਂ ?
ਔਝੜੀਂ ਭਟਕਦੀ ਦੁਨੀਆਂ ਨੂੰ ਖੜਾ ਤਕਦਾ ਹੈਂ ?
ਜਾਲੀਆਂ ਤਾਣਨੋਂ ਕਿਉਂ ਮਾਲੀ ਨੂੰ ਨਾ ਡਕਦਾ ਹੈਂ ?
ਚੱਲੇਗੀ ਕਾਰ ਕਿਵੇਂ, ਇਸ ਤਰਾਂ ਕਾਰਖ਼ਾਨੇ ਦੀ ?
ਝੱਲੀਏ ਝਿੜਕ, ਤੇਰੇ ਬੈਠਿਆਂ, ਬੇਗਾਨੇ ਦੀ ।

ਸਾਡੀ ਮਰਜ਼ੀ ਹੈ ਕਿ ਤੂੰ ਲੁਕ ਕੇ ਬਹੇਂ ਹੋਰ ਨ ਹੁਣ,
ਹੰਨੇ ਹੰਨੇ ਦੀ ਅਮੀਰੀ ਦਾ ਰਹੇ ਜ਼ੋਰ ਨ ਹੁਣ,
ਸਾਧਾਂ ਦਾ ਭੇਸ ਧਾਰੀ, ਲੁਟਦੇ ਫਿਰਨ ਚੋਰ ਨ ਹੁਣ,
ਮੌਲਵੀ ਪੰਡਤਾਂ ਦਾ ਪੈਂਦਾ ਰਹੇ ਸ਼ੋਰ ਨ ਹੁਣ,
ਤੇਰੇ ਦਰਬਾਰ ਦਾ ਨਾ ਹੋਵੇ ਕੋਈ ਠੇਕੇਦਾਰ,
ਸਾਹਮਣੇ ਬੈਠ ਕੇ ਤੂੰ ਆਪ ਸੁਣੇਂ ਹਾਲ ਪੁਕਾਰ ।

ਇੱਕ ਤੂੰ ਹੈਂ ਤੇ ਤੇਰਾ ਇੱਕੋ ਅਖਾੜਾ ਹੋਵੇ,
ਕਾਲੇ ਗੋਰੇ ਦਾ ਨਾ ਨਿਤ ਪੈਂਦਾ ਪੁਆੜਾ ਹੋਵੇ,
ਹੱਕਾਂ ਅਧਿਕਾਰਾਂ ਦੀ ਭੀ ਸੂਲ ਨ ਸਾੜਾ ਹੋਵੇ,
ਜ਼ੋਰ ਤੇ ਜ਼ਰ ਦਾ ਨਾ ਬੇ-ਅਰਥ ਉਜਾੜਾ ਹੋਵੇ,
ਇੱਕੋ ਝੰਡੇ ਦੇ ਤਲੇ ਸਭ ਦਾ ਟਿਕਾਣਾ ਹੋਵੇ,
ਹੋ ਰਿਹਾ ਮਿਲ ਮਿਲ ਕੇ, ਪ੍ਰੇਮ ਦਾ ਗਾਣਾ ਹੋਵੇ,

ਤੇਰੀ ਗੁਲਜ਼ਾਰ ਦੇ ਵਿਚ ਬੁਲਬੁਲਾਂ ਦਾ ਘਰ ਹੋਵੇ,
ਪਿੰਜਰੇ ਜਾਲ ਤੇ ਸੱਯਾਦ ਦਾ ਨਾ ਡਰ ਹੋਵੇ,
ਪੂਰਬੀ ਪਛਮੀ ਨੂੰ ਖੁਲ੍ਹਾ ਤੇਰਾ ਦਰ ਹੋਵੇ,
ਇੱਕੋ ਥਾਂ ਖਾ ਰਿਹਾ ਜ਼ਰਦਾਰ ਤੇ ਬੇਜ਼ਰ ਹੋਵੇ,
ਸੁਰਗ ਦੀ ਹਿਰਸ ਇਸੇ ਦੁਨੀਆਂ ਤੇ ਪੂਰੀ ਕਰ ਦੇ,
ਕੋਲ ਵਸ ਚਾਤ੍ਰਿਕ ਦੇ, ਦੂਰ ਏ ਦੂਰੀ ਕਰ ਦੇ ।

Read More! Learn More!

Sootradhar