(1)
ਹੱਥ ਜੋੜ, ਸਿਰ ਨਯਾਇ ਜੁਹਾਰ !
ਧਰਮੀ ਬਾਬਲ ! ਦਰਦਣ ਅੰਮਾਂ ! ਜੀਓ ਜਾਗੋ ਜੁੱਗ ਹਜ਼ਾਰ !
ਸੁੱਖ ਨ ਮੁੱਕਣ, ਦੁੱਖ ਨ ਢੁੱਕਣ, ਹੋਵੇ ਜੱਸ ਜਹਾਨੀਂ ਚਾਰ !
ਵੇਲ ਵਧੇ ਪਰਤਾਪ ਸਵਾਇਆ, ਸਾਈਂ ਦੇਇ ਅਖੁੱਟ ਭੰਡਾਰ !
ਗਊ ਨਿਮਾਣੀ ਧੀ ਇਞਾਣੀ, ਦਾਣੇ ਪਾਣੀ ਦੇ ਅਨੁਸਾਰ,
ਰੱਬ ਨੇ ਘੱਲੀ ਦੁਨੀਆਂ ਦੇ ਵਿਚ,ਚੁਗਣੇ ਹੇਤ ਤੁਹਾਡੀ ਬਾਰ ।
ਲੂੰ ਲੂੰ ਮੇਰਾ ਦੇਇ ਅਸੀਸਾਂ ਜੋ ਜੋ ਕੀਤੇ ਸਨ ਉਪਕਾਰ,
ਸਿਲ ਫ਼ਿੱਕੀ ਆਮਾਨ ਬਿਗਾਨੀ, ਸੱਲਾਂ ਸੂਲਾਂ ਦਾ ਆਗਾਰ ।
ਹਸ ਹਸ ਸਿਰ ਤੇ ਕਾਰ ਉਠਾਈ, ਉਸ ਦਾਤੇ ਦੀ ਦਾਤ ਚਿਤਾਰ,
ਪਾਲੀ, ਪੋਸੀ, ਗੋਦ ਖਿਡਾਈ, ਸਾਰੇ ਕੀਤੇ ਚਾਓ ਮਲ੍ਹਾਰ ।
ਬਾਲ ਵਰੇਸੇ ਰਾਜ ਕਰਾਇਆ,ਕੀਤਾ ਪੁੱਤਾਂ ਵਾਂਗ ਪਿਆਰ,
ਹੋਇ ਸਿਆਣੀ ਗੋਦੀ ਲੈ ਲੈ, ਵੀਰ ਖਿਡਾ ਹੋਵਾਂ ਬਲਿਹਾਰ ।
ਸਈਆਂ ਨਾਲ ਰਲਾਂ ਤੇ ਜਾਵਾਂ, ਸਾਵੇਂ ਖੇਡਣ ਬਾਹਰ ਵਾਰ,
ਹੱਸਾਂ, ਖੇਡਾਂ, ਗਾਵਾਂ ਬੋਲਾਂ, ਰਾਤ ਲੰਘਾਵਾਂ ਲਾਇ ਭੰਡਾਰ ।
ਚੰਗਾ ਚੋਖਾ ਖਾਵਾਂ ਖੇਡਾਂ, ਫਿਕਰ ਨ ਕੋਈ ਕੰਮ ਨ ਕਾਰ ।
(2)
ਲਗਰ ਲਮੇਰੀ ਚਾਰ ਦਿਨਾਂ ਵਿਚ, ਹੋਇ ਪਈ ਜਦ ਮੈਂ ਹੁਸ਼ਿਆਰ,
ਮਾਲਕਿਆਣੀ, ਘਰ ਦੀ ਰਾਣੀ ; ਸਭ ਕੁਝ ਦੀ ਕੀਤੀ ਮੁਖਤਾਰ ।
ਰੱਖਾਂ, ਪਾਵਾਂ, ਖਰਚਾਂ, ਖਾਵਾਂ, ਸੌਂਪ ਦਿੱਤਾ ਸਾਰਾ ਘਰ ਬਾਰ,
ਅੰਮਾਂ ਰਾਣੀ ਮੱਥੇ ਉੱਪਰ ਵੱਟ ਨ ਪਾਇਆ ਵੇਖ ਵਿਗਾੜ ।
ਬਾਬਲ ਰਾਜੇ ਦੇ ਪਰਤਾਪੋਂ ਕੋਇ ਨ ਮੈਨੂੰ ਹਟਕਣਹਾਰ ।
ਰਾਜ ਘਰੇ ਵਿਚ ਕੱਲੀ ਮਾਲਕ, ਜੋ ਜੀ ਚਾਹੇ ਕਰਾਂ ਬਹਾਰ,
ਜਾਂ ਖੁਸ਼ੀਆਂ ਤੇ ਜਾਂ ਉਸ ਧਰਮੀ ਰਾਜੇ ਦਾ ਦਰਬਾਰ ।
ਜਾਂ ਤ੍ਰਿਞਣ ਜਾਂ ਗੁੱਡੀਆਂ ਖੇਨੂੰ, ਜੋੜਾਂ ਕਰਾਂ ਪਟੋਲੇ ਤਿਆਰ ।
ਹੋਰ ਨ ਕੋਈ ਲੋਇ ਜਗਤ ਦੀ ਕਿਸ ਪਾਸੇ ਵੱਸੇ ਸੰਸਾਰ ।
ਬੇਫਿਕਰੀ ਦਾ ਜੀਵਨ ਐਸਾ ਕੱਟ ਲਿਆ ਉਸ ਉਮਰ ਮਝਾਰ ।
ਭੁੱਲ ਨ ਜਾਸੀ ਜੀਂਦੀ ਜਿੰਦੇ ਅੰਮਾਂ ਬਾਪੂ ਦਾ ਉਪਕਾਰ ।
ਯਾਦ ਰੱਖਾਗੀ ਓਸ ਸਮੇਂ ਨੂੰ ਜਿਸ ਵਿਚ ਪਾਏ ਸੁੱਖ ਅਪਾਰ ।
(3)
ਬਾਪੂ ਦੇ ਪਰਤਾਪ ਲੁਭਾਈ, ਭੁੱਲ ਗਈ ਮੈਂ ਭੁਲਣਹਾਰ ।
ਜਾਤਾ ਸੁੱਖ ਸਦਾ ਦੇ ਸੰਗੀ ਬਾਬਲ ਦਾ ਵੱਸੇ ਦਰਬਾਰ ।
ਕੀ ਲੋੜਾਂ ਤੇ ਕੀ ਹਨ ਗਰਜਾਂ ? ਸਿੱਖਾਂ ਕੋਈ ਕਾਰ ਵਿਹਾਰ ।
ਏਸ ਫਿਟੇਵੇਂ ਅੱਗੇ ਕਾਰਨ, ਸਿੱਖ ਨ ਸਕੀ ਅੱਖਰ ਚਾਰ ।
ਸੂਈਆਂ ਚੋਭ ਕਸੀਦਾ ਦੱਸੇ, ਉਸਤਾਨੀ ਨਿਤ ਮਾਰੇ ਮਾਰ ।
ਨੀ ਕੁੜੀਏ ! ਕੁਝ ਸਿੱਖ ਸਿਆਣਪ, ਹੋਈ ਹੈਂ ਹੁਣ ਤੂੰ ਮੁਟਿਆਰ ।
ਪਰ ਬੇਕਿਸਮਤ ਮੂਰਖ ਨੇ ਮੈਂ, ਮੂਲ ਨ ਕੀਤੀ ਕੁਝ ਵਿਚਾਰ ।
ਸਮਾਂ ਟਪਾਇਆ ਦਾਉ ਘੁਸਾਈਂ, ਦਿਨ ਦਿਨ ਹੁੰਦੀ ਗਈ ਖਿਡਾਰ ।
ਓੜਕ ਨੂੰ ਹੁਣ ਗਫ਼ਲਤ ਦਾ ਫਲ ਭੁਗਤਣ ਸੰਦੀ ਆਈ ਵਾਰ ।
ਮਾਪੇ ਵੇਖਣ ਗੋਤੇ ਖਾਵਣ, *ਹੁਣ ਬੀਬੀ ਹੋਈ ਮੁਟਿਆਰ* ।
ਚੋਰੀ ਚੋਰੀ ਮੇਰੇ ਪਾਸੋਂ ਅੰਦਰ ਬਹਿ ਕੇ, ਕਰਨ ਵਿਚਾਰ ।
ਓੜਕ ਪੱਕ ਸਲਾਹ ਠਰ੍ਹਾਈ ਨਾਈ ਬ੍ਰਾਹਮਣ ਕਰੇ ਤਿਆਰ ।
ਮੈਂ ਭਿੱਛਕ ਦੇ ਮੰਗਣ ਕਾਰਣ, ਵੇਖਣ ਕੋਈ ਉੱਚ ਦੁਆਰ ।
(4)
ਚਾਰ ਦਿਨਾਂ ਵਿਚ ਸਭ ਕੁਝ ਹੋਇਆ ਲਾਗੂ ਆਏ ਬਾਹਰ ਵਾਰ ।
ਸੋਹਲਿਆਂ ਦੀ ਢੋਲਕ ਵੱਜੀ, ਸੱਈਆਂ ਗਾਇਆ ਮੰਗਲਚਾਰ ।
ਚੂਲੀ ਪਾਇ, ਫੜਾਇਆ ਰੱਸਾ, ਅੰਮਾਂ ਬਾਪੂ ਪਰ੍ਹਾਂ ਖਲਾਰ ।
ਲੋਕੀ ਹੱਸਣ ਤੇ ਮੈਂ ਰੋਵਾਂ, ਇਹ ਕੀ ਹੋਇਆ ਹੈ ਕਰਤਾਰ ।
ਘਰ ਦੀ ਮਾਲਕਿਆਣੀ ਤਾਈਂ ਧੱਕਾ ਮਿਲਿਆ ਇਸ ਪ੍ਰਕਾਰ ।
ਟੁੱਟਾ ਦਖਲ ਅਜੇਹਾ, ਆਪੇ ਚੁੱਕ ਨ ਸਕਾਂ ਕਲੀਰੇ ਚਾਰ ।
ਜੰਮੀ ਪਲੀ ਸਿਆਣੀ ਹੋਈ ਘਾਹ ਚੁਗਿਆ ਜਿਸ ਜੂਹ ਮਝਾਰ ।
ਅੱਚਣਚੇਤ ਬਿਦਾਵਾ ਮਿਲਿਆ, ਜਿਥੋਂ ਦੀ ਸਾਂ ਦਾਵੇਦਾਰ ।
ਜਿਨ੍ਹਾਂ ਦੀ ਬਣ ਮਾਲਿਕ ਬੈਠੀ ਉਹ ਮਿਲਸਣ ਹੁਣ ਖੱਟ ਖਿਲਾਰ ।
ਰੋ ਰੋ ਕੇ ਸਿਰ ਖਾਲੀ ਕੀਤਾ, ਤਰਲਾ ਕੀਤਾ ਲੱਖ ਹਜ਼ਾਰ ।
'ਨੀ ਅੰਮਾਂ ! ਜੋ ਹੁਕਮ ਕਰੇਂਗੀ, ਬੰਦੀ ਤੇਰੀ ਤਾਬੇਦਾਰ ।
ਬਾਪੂ ਜੀ ! ਕੁਝ ਤਰਸ ਕਰੋ, ਨਾ ਧੱਕਾ ਦੇਵੋ ਬਾਹਰਵਾਰ ।
ਵੀਰਾਂ ਦਾ ਕਰ ਗੋਲਪਣਾ, ਮੈਂ ਪਿੱਛ ਪੀਆਂਗੀ ਚੌਲ ਨਿਤਾਰ' ।
ਜੋ ਆਇਆ ਮੈਂ ਚੰਬੜ ਚੰਬੜ, ਏਹੋ ਕੀਤੀ ਅਰਜ਼ ਗੁਜ਼ਾਰ ।
*ਜਗਤ-ਚਾਲ* ਕਹਿ ਲੜ ਛੁਡਵਾਂਦੇ, ਕੋਈ ਨ ਸੁਣਦਾ ਹਾਲ ਪੁਕਾਰ ।
(5)
ਤੁਰੋ ਤੁਰੀ ਏਨੇ ਨੂੰ ਹੋਈ, ਚੁੱਕਣ ਆਏ ਚਾਰ ਕਹਾਰ ।
ਅੰਨ ਦਿੱਤਾ, ਧਨ ਦੌਲਤ ਦਿੱਤੀ, ਕੱਪੜ ਦੇ ਲਾਏ ਅੰਬਾਰ ।
ਘੋੜੇ, ਜੋੜੇ, ਗਾਈਂ, ਮੱਝੀਂ, ਦਿੱਤੀ ਦਾਤ ਅਨੰਤ ਅਪਾਰ ।
ਗਲ ਪੱਲਾ ਮੂੰਹ ਘਾਹ ਬਾਬਲ ਦੇ, ਸਈਆਂ ਕੀਤੀ ਬਿਨੈ ਉਚਾਰ ।
*ਜੋੜੇ ਝਾੜਨ ਹੇਤ ਤੁਹਾਡੇ ਬੀਬੀ ਦਿੱਤੀ ਖਿਦਮਤਗਾਰ ।
ਜੇ ਬੀਬੀ ਕੁਝ ਮੰਦਾ ਬੋਲੇ, ਢੱਕ ਲਿਓ ਜੇ ਕਿਰਪਾ ਧਾਰ ।
ਠੁੱਲਾ ਕੱਤੇ ਮੋਟਾ ਪੀਹੇ, ਤਾਂ ਸਮਝਾਇਓ ਨਾਲ ਪਿਆਰ ।
ਥੋੜਾ ਦੇਣਾ ਬਹੁਤੀ ਮਿੱਨਤ ਬਰਦੇ ਅਸੀਂ ਤੁਸੀਂ ਸਰਕਾਰ* ।
*ਧੀਆਂ ਵਾਂਗ ਲਡਾਸਾਂ ਬੀਬੀ* ਸਹੁਰੇ ਕੀਤਾ ਕੌਲ ਕਰਾਰ ।
ਭਾਈ ਬਾਹੀ ਪਕੜ ਖਲੋਤੇ, ਭੈਣਾਂ ਨੈਣਾਂ ਲਾਈ ਤਾਰ ।
ਮੈਂ ਰੋਵਾਂ ਤੇ ਮਾਪੇ ਰੋਵਣ, ਰੋਵੇ ਸਭ ਖਲਾ ਪਰਵਾਰ ।
ਰੋਇ ਧੋਇ ਕੇ ਵਿਦਿਆ ਕੀਤਾ, ਡਾਰੋਂ ਟੁੱਟੀ ਉਡੇ ਹਾਰ ।
ਖੁੱਟ ਗਿਆ ਉਹ ਦਾਣਾ ਪਾਣੀ, ਟੁੱਟ ਗਿਆ ਉਹ ਨੇਹੁੰ ਪਿਆਰ ।
ਛੁੱਟ ਗਿਆ ਸਈਆਂ ਦਾ ਮੇਲਾ, ਖੁੱਸ ਗਿਆ ਬਾਬਲ ਦਾ ਦਵਾਰ ।
ਦੇਸ ਬਿਗਾਨੇ ਜੂਹ ਪਰਾਈ, ਡੋਲਾ ਦਿੱਤਾ ਆਣ ਉਤਾਰ ।
ਨਵਿਆਂ ਲੋਕਾਂ ਦੇ ਵਿਚ ਆਈ, ਹੋਣ ਲਗਾ ਆਦਰ ਸਤਕਾਰ ।
ਸਹੁਰੇ ਦੰਮੀਂ ਬੁੱਕ ਭਰਾਏ, ਸੱਸੂ ਪੀਤਾ ਪਾਣੀ ਵਾਰ ।
ਪੀੜ੍ਹਾ, ਪਲੰਘ, ਨਿਣਾਨਾਂ ਗੀਟੇ, ਹੱਸਣ ਖੇਡਣ ਨਾਲ ਵਿਹਾਰ ।
(6)
ਖਾਣ ਹੰਢਾਣ ਦਿਨਾਂ ਦਾ ਮੁੱਕਾ, ਕੀਤੀ ਖੁਸ਼ੀ ਦਿਹਾੜੇ ਚਾਰ ।
ਪੀੜ੍ਹਾ ਛੱਡ ਫੜੀ ਹੁਣ ਸੇਵਾ, ਤਿਲਕਣ ਬਾਜ਼ੀ ਦੇ ਵਿਚਕਾਰ ।
ਚੱਜ ਨ ਸਿੱਖੀ ਪੜ੍ਹੇ ਨ ਅੱਖਰ, ਡਿੱਠੀ ਘਰ ਦੀ ਚਾਰ ਦਿਵਾਰ ।
ਚਿੱਤ ਨ ਯਾਦ ਖਾਬ ਵਿਚ ਹੈਸਨ, ਜੋ ਆ ਪਏ ਅਚਾਨਕ ਭਾਰ ।
ਕਿਸ ਤੱਤੀ ਨੂੰ ਚੇਤਾ ਭੀ ਸੀ ਸਹੁਰੇ ਹੋਰ ਨਵਾਂ ਸੰਸਾਰ ।
ਵਰਤਣ ਨਾਲ ਬਿਗਾਨੜਿਆ ਦੇ ਪੈਣੀਂ ਹੈ ਉਸ ਉਮਰ ਮਝਾਰ ।
ਗਿਣ ਗਿਣ ਬੋਲਣ ਚੱਲਣ ਹੋਸੀ, ਖਾਵਣ ਪੀਵਣ ਸੰਜਮਦਾਰ ।
ਅੱਖਾਂ ਬੰਦੀਖਾਨੇ ਪੈਸਣ, ਟੋਹ ਟੋਹ ਹੋਇ ਸਕੇਗੀ ਕਾਰ ।
ਅਕਲੋਂ ਬਾਝ ਸਲਾਹੇ ਕਿਹੜਾ, ਨੁਕਤਾਚੀਨਾਂ ਦੇ ਦਰਬਾਰ ।
ਮਾਪਿਆਂ ਦੇ ਹਾੜੇ ਸਭ ਭੁੱਲੇ, ਦਾਤਾਂ ਨੂੰ ਭੀ ਗਏ ਡਕਾਰ ।
ਗਲ ਦਾ ਹਾਰ ਹੋਏ ਆ ਮਿਹਣੇ, ਤਾਨਿਆਂ ਟੋਕਾਂ ਦੀ ਭਰਮਾਰ ।
ਨਣਦ, ਜਿਠਾਣੀ ਘੂਰੀ ਵੱਟਣ, ਸੱਸੂ ਆਖੇ ਚਲ ਮੁਰਦਾਰ ।
ਮਾਂ ਕੁਚੱਜੀ ਡੋਲੀ ਪਾਈ, ਝਿੜਕਾਂ ਖਾਣ ਬਿਗਾਨੇ ਬਾਰ ।
ਅੱਖਰ ਚਾਰ ਪੜ੍ਹਾਇ ਨ ਸੱਕੀ. ਨਹਿੰ ਸਿਖਾਇਆ ਚਜ ਅਚਾਰ ।
ਫਿਕਰ ਨ ਫਾਕਾ, ਨਾਲ ਅਵੈਲਾਂ ਫਿਰ ਫਿਰ ਹੁੰਦੀ ਰਹੀ ਖ਼ੁਆਰ ।
ਯਾਦ ਨ ਸੀ ਇਹ ਪੇਕੇ ਮਾਪੇ, ਚਾਰ ਦਿਨਾਂ ਦੀ ਅੱਜ ਮੌਜ ਬਹਾਰ ?
ਓੜਕ ਜਾਣਾ ਸਾਹੁਰਿਆਂ ਦੇ ਜਿੱਥੇ ਵੇਖੀ ਜਾਣੀ ਕਾਰ ।
ਕਿਸੇ ਨ ਗੱਲ ਸੁਝਾਈ ਸੀ ਇਹ ? ਅੱਗੇ ਦਾ ਕਰ ਲੈ ਉਪਚਾਰ ।
ਜੀਵਨ ਦੇ ਮੈਦਾਨ ਵੜਨ ਤੋਂ ਪਹਿਲੇ ਸਿਖ ਮਾਰਨ ਤਲਵਾਰ ।
ਪੇਕਾ ਘਰ ਇਹ ਪਾਠਸ਼ਾਲਾ ਹੈ ਸਿੱਖਣ ਨੂੰ ਜੱਗ ਦਾ ਵਰਤਾਰ ।
ਬਾਲੀ ਉਮਰਾ ਫੁਰਸਤ ਦੇ ਦਿਨ ਜੋ ਕੁਝ ਲਿਆ ਸੋ ਸਾਰ ।
ਅੱਗੇ ਗਇਆਂ ਮਾਮਲਿਆਂ ਦਾ ਸਿਰ ਤੇ ਪੈਣਾ ਭਾਰਾ ਭਾਰ ।
ਕੱਚੀ ਪੱਕੀ ਜੇਹੀ ਨਿੱਕਲੀ, ਆਵੀ ਵਿਚੋਂ ਬਾਹਰ ਵਾਰ ।
ਜੋ ਹੋਇਆ ਸੋ ਹੋ ਗਿਆ ਏਥੇ ਅੱਗੇ ਖਲੀ ਉਡੀਕੇ ਕਾਰ ।
ਪਿਓ ਦੀ ਜੂਹ ਖਿਡਾਰਾਂ ਕੁੜੀਆਂ, ਨਾਲ ਨ ਚੱਲਣ ਤੁਰਦੀ ਵਾਰ ।
ਕੱਤਣ ਵਾਲੀਆਂ ਹੋਣ ਸੁਰਖੁਰੂ ਵੱਤਣ ਵਾਲੀਆਂ ਹੋਣ ਲਚਾਰ ।
ਵਿਗੜੇ ਕੰਮ ਅਕਲ ਜੇ ਦੇਈਏ ਰੋਵੇ ਕਿਉਂ ਡਸਕਾਰੇ ਮਾਰ ।
ਪੇਕੇ ਉਮਰਾ ਖੇਡ ਗਵਾਈ ਤੇਰੇ ਜਿਹੀਆਂ ਖਾਣ ਪੰਜਾਰ ।
(7)
ਕੀਤੀ ਚੁਪ ਨਿਮਾਣੀ ਹੋ ਕੇ, ਸਿਰ ਨੀਵਾਂ ਕਰ ਗਈ ਸਹਾਰ ।
ਜੋ ਆਖਣ ਜੀ ਜੀ ਕਰ ਮੰਨਾਂ, ਕਰ ਨ ਸਕਾਂ ਕੋਈ ਤਕਰਾਰ ।
ਜੀਕਰ ਨਿਭੇ ਨਿਭਾਵਾਂ ਸਿਰ ਤੇ, ਕਰਾਂ ਨ ਕਿਸ ਥੇ ਗਿਲਹ ਗੁਜ਼ਾਰ ।
ਪਰ ਅੰਮਾਂ ਮੈਂ ਅਰਜ਼ ਕਰਾਂ ਇਕ, ਜੋ ਤੈਂ ਕੀਤੇ ਚਾਉ ਮਲ੍ਹਾਰ ।
ਕੰਮ ਨਾ ਮੇਰੇ ਆਏ ਏਥੇ, ਹੋਰ ਚੀਜ਼ ਇਕ ਸੀ ਦਰਕਾਰ ।
ਲਾਡਾਂ ਦੇ ਥਾਂ ਝਿੜਕਾਂ ਦੇਂਦੀ, ਧੀ ਨੂੰ ਕਰਦੀ ਮਾਰ ਸੁਆਰ ।
ਚੱਜ ਅਚਾਰ, ਬਿਗਾਨੀ ਵਰਤਣ, ਵਿਦਯਾ ਗੁਣ ਦੀ ਹੁੰਦੀ ਸਾਰ ।
ਤਾਂ ਮੈਂ ਬਾਰ ਬਿਗਾਨੇ ਆ ਕੇ, ਸੁਖ ਵਿਚ ਲੈਂਦੀ ਉਮਰ ਗੁਜ਼ਾਰ ।
ਹੁਣ ਭੀ ਜਿਹੜੇ ਧੀਆਂ ਵਾਲੇ, ਉਹਨਾਂ ਨੂੰ ਕਹਿ ਦਿਓ ਪੁਕਾਰ ।
ਲਾਡਾਂ ਦਾ ਕੁਝ ਮੁੱਲ ਨ ਪੈਂਦਾ, ਵੇਖੇ ਜਾਂਦੇ ਚੱਜ ਅਚਾਰ ।
ਤਾਂ ਤੇ ਧੀਆਂ ਇੰਜ ਨ ਤੋਰੋ, ਅੱਗੇ ਜਾ ਕੇ ਹੋਣ ਲਾਚਾਰ ।
ਮੱਤ ਦਿਓ, ਮਤ ਲਾਡ ਕਰਾਓ, ਵਿਦਯਾ ਦੇ ਦੇਵੋ ਭੰਡਾਰ ।
'ਚੱਜਾਂ' ਦਾਜ, ਗੁਣਾਂ ਦਾ ਗਹਿਣਾ, ਤੇਵਰ ਬੇਵਰ ਸ਼ੁਭ ਆਚਾਰ ।
ਸਹੁਰੇ ਜਾਇ ਸੁਖੀ ਤਦ ਵੱਸਣ, ਪੱਲੇ ਹੋਵਣ ਕੌਡਾਂ ਚਾਰ ।
ਸ਼ੁਭ ਗੁਣ, ਵਿਦਯਾ, ਸ਼ੀਲ ਸਿਆਣਪ, ਇਨ ਬਿਨ ਔਖੀ ਚੱਲੇ ਕਾਰ ।
ਹੋਰ ਕਹਾਂ ਕੀ ਅੰਮਾਂ ਜੀ ਮੈਂ, ਏਹੋ ਬਿਨਤੀ ਬਾਰੰਬਾਰ ।
ਠੰਢੀ ਵਾਉ ਭਖੀ ਜੇ ਚਾਹੋ, ਤਾਂ ਕਰਿਓ ਵਿਦਯਾ ਪਰਚਾਰ ।
ਵਿਦਯਾ ਬਾਝ ਬੁਰੀ ਗਤ ਹੋਵੇ, ਅੱਗੇ ਧੀਆਂ ਹੋਣ ਖੁਆਰ ।
ਨਾ ਦਰਗਾਹੇ ਢੋਈ ਮਿਲਦੀ, ਨਾ ਸੁਖ ਮਿਲਦਾ ਇਸ ਸੰਸਾਰ ।