ਗ੍ਰਹਸਥਣ ਦਾ ਧਰਮ
(1)
ਕੰਤ ਦੀ ਪਿਆਰੀਏ ! ਰੂਪ ਸ਼ਿੰਗਾਰੀਏ !
ਚੰਦ ਦੇ ਵਾਂਗ ਪਰਵਾਰ-ਪਰਵਾਰੀਏ !
ਫੁੱਲ ਫਲ ਨਾਲ ਭਰਪੂਰੀਏ ਡਾਲੀਏ !
ਨਿੱਕਿਆਂ ਨਿੱਕਿਆਂ ਬੱਚਿਆਂ ਵਾਲੀਏ !
ਪਿਆਰ ਵਿਚ ਖੀਵੀਏ ! ਪ੍ਰੇਮ-ਮਸਤਾਨੀਏ !
ਠੰਢੀਏ ! ਮਿੱਠੀਏ ! ਧੀਰੀਏ ਦਾਨੀਏ !
ਗ੍ਰਸਥ ਵਿਚ ਗ੍ਰਸੀ ਧੰਦਾਲ ਵਿਚ ਧਸੀਏ !
ਫ਼ਰਜ਼ ਮਰਯਾਦ ਦੇ ਜਾਲ ਵਿਚ ਫੱਸੀਏ !
ਬੰਨ੍ਹਣੀਂ ਬੱਝੀਏ ! ਟਹਿਲ ਵਿਚ ਰੁੱਝੀਏ !
ਮਾਲਕੇ, ਪਾਲਕੇ, ਖ਼ਾਲਕੇ ਗੁੱਝੀਏ !
ਨ੍ਹਾਇ ਧੋ, ਤਿਲਕ ਲਾ, ਫੁੱਲ ਮੰਗਵਾਇ ਕੇ,
ਧੂਪ ਨਈਵੇਦ ਵਿਚ ਥਾਲ ਦੇ ਲਾਇ ਕੇ,
ਮੰਦਰੀਂ ਰੋਜ ਕਿਸ ਵਾਸਤੇ ਜਾਨੀਏਂ ?
ਭਟਕਦੀ ਫਿਰਨੀਏਂ, ਝਾਤੀਆਂ ਪਾਨੀਏਂ !
ਦਰ ਬਦਰ ਹੋਇੰ ਕਿਸ ਚੀਜ਼ ਦੇ ਵਾਸਤੇ ?
ਪੂਜਦੀ ਪੀਰ ਕਿਸ ਲਾਭ ਦੀ ਆਸ ਤੇ ?
ਤੀਰਥੀਂ ਜਾਨੀਏਂ ਭੁੱਖਿਆਂ ਮਰਨੀਏਂ,
ਨੱਕ ਨੂੰ ਰਗੜਦੀ ਮਿੰਨਤਾਂ ਕਰਨੀਏਂ,
ਦੇਵੀਆਂ ਦੇਵਤੇ ਇਕ ਨ ਛੱਡਦੀ,
ਸੇਉਂਦੀ ਪੂਜਦੀ ਦੰਦੀਆਂ ਅੱਡਦੀ ।
ਮੜ੍ਹੀ, ਮਠ, ਗੋਰ, ਸਿਲ ਪੱਥਰਾਂ ਧਿਆਉਂਦੀ,
ਤੁਲਸੀਆਂ, ਪਿਪਲਾਂ ਪਾਸ ਕੁਰਲਾਉਂਦੀ ।
ਸਾਧੂਆਂ ਪਾਸ ਜਾ ਮੁੱਠੀਆਂ ਭਰਨੀਏਂ,
ਵਾਸਤੇ ਪਾਨੀਏਂ, ਕੀਰਨੇ ਕਰਨੀਏਂ ।
ਕਾਸ਼ ਦੇ ਵਾਸਤੇ ਕਾਰ ਇਹ ਚੁਕੀ ਆ !
ਤਰਲਿਆਂ ਨਾਲ ਇਹ ਜੀਭ ਭੀ ਸੁਕੀ ਆ ।
ਰਾਜ ਹੈ, ਭਾਗ ਹੈ, ਆਲ ਔਲਾਦ ਹੈ,
ਆਲ ਦੋਆਲੜੇ ਬਾਗ਼ ਆਬਾਦ ਹੈ ।
ਉਂਗਲੀ ਬਾਲ, ਇਕ ਹਿੱਕ ਤੇ ਲਾਲ ਹੈ,
ਰਾਤ ਦਿਨ ਵਾਹ ਆਨੰਦ ਦੇ ਨਾਲ ਹੈ ।
ਹੋਰ ਕਿਸ ਚੀਜ਼ ਦੀ ਰਾਣੀਏ ! ਭੁਖ ਹੈ ?
ਰੜਕ ਕੀ ਹੋਰ ? ਕਿਸ ਗੱਲ ਦਾ ਦੁਖ ਹੈ ?
ਮੌਤ ਦਾ ਖੌਫ਼ ਹੈ ? ਨਰਕ ਦਾ ਤ੍ਰਾਸ ਹੈ ?
ਭੋਜਲੋਂ ਮੁਕਤ ਹੋ ਜਾਣ ਦੀ ਆਸ ਹੈ ?
ਭਗਤਿ ਦੇ ਵਾਸਤੇ ਚਿੱਤ ਹੈ ਭਰਮਦਾ ?
ਸਿੱਧੜਾ ਰਾਹ ਨਹੀਂ ਲਭਦਾ ਧਰਮ ਦਾ ?
(2)
ਆ ! ਜ਼ਰਾ ਬੈਠ, ਕੁਝ ਗੱਲ ਸਮਝਾ ਦਿਆਂ,
ਔਝੜੋਂ ਕੱਢ ਕੇ ਡੰਡੀਏ ਪਾ ਦਿਆਂ ।
ਬਾਹਰ ਕੁਝ ਭੀ ਨਹੀਂ ਰੱਖਿਆ, ਭੋਲੀਏ !
ਆ ਜ਼ਰਾ ਆਪਨੇ ਅੰਦਰੇ ਟੋਲੀਏ !
ਨਾਰ ਦਾ ਦਵਾਰ ਹੀ ਦਵਾਰਿਕਾ ਧਾਮ ਹੈ,
ਗੰਗ, ਗੋਦਾਵਰੀ, ਪ੍ਰਾਗ ਬ੍ਰਿਜਗਾਮ ਹੈ ।
ਘਰੇ ਘਨਸ਼ਾਮ ਘਟਘਟ ਵਿਖੇ ਵੱਸਦਾ,
ਪ੍ਰੇਮ ਦੀ ਡੋਰ ਤੇ ਨੱਚਦਾ ਹੱਸਦਾ ।
ਉੱਜਲਾ ਰੱਖ ਇਸ ਧਰਮ-ਅਸਥਾਨ ਨੂੰ,
ਮੰਦਰਾਂ ਵਾਂਗ ਚਮਕਾਇ ਕੇ ਸ਼ਾਨ ਨੂੰ ।
ਸਾਫ ਵਾਯੂ ਰਹੇ ਰੁਮਕਦੀ ਦੁਆਰ ਤੇ,
ਤੰਦਰੁਸਤੀ ਸਦਾ ਆਏ ਪਰਵਾਰ ਤੇ ।
ਠੁੱਕ ਸਿਰ ਚੀਜ਼ ਹਰ ਇੱਕ ਧਰ ਲਾਇ ਕੇ,
ਛੰਡ ਫਟਕਾਇ ਕੇ, ਮਾਂਜ਼ ਲਿਸ਼ਕਾਇ ਕੇ ।
ਰੀਝ ਦੇ ਨਾਲ ਕਰ ਤਯਾਰ ਪਕਵਾਨ ਨੂੰ,
ਰੋਚਕੀ ਪਾਚਕੀ ਹੋਇ ਜੋ ਖਾਣ ਨੂੰ ।
ਭੋਗ ਲਗਵਾਇ ਮਾਸੂਮ ਸੰਤਾਨ ਨੂੰ,
ਕੰਤ ਭਗਵਾਨ ਨੂੰ, ਮੀਤ ਮਹਿਮਾਨ ਨੂੰ ।
(3)
ਕੰਤ ਭਗਵੰਤ ਪਰਤੱਖ ਅਵਤਾਰ ਹੈ,
ਆਪ ਹਰ ਹਾਲ ਵਿਚ ਲੈ ਰਿਹਾ ਸਾਰ ਹੈ ।
ਆਪ ਦੁਖ ਝੱਲ ਆਰਾਮ ਪਹੁੰਚਾਉਂਦਾ,
ਲੱਦਿਆ ਪੱਥਿਆ ਰਾਤ ਘਰ ਆਉਂਦਾ ।
ਪੂਰਦਾ ਆਸ ਨਾ ਬੋਲ ਪਰਤਾਉਂਦਾ,
ਹੱਸ ਪਰਚਾਉਂਦਾ ਨਾਜ਼ ਕਰਵਾਉਂਦਾ ।
ਓਸ ਦਾ ਦਾਨ ਘਰ ਰਿੱਝਦਾ ਪੱਕਦਾ,
ਦੇਂਦਿਆਂ ਦੇਂਦਿਆਂ ਮੂਲ ਨਾ ਥੱਕਦਾ ।
ਆਉਂਦੇ ਸਾਰ ਵਿਚ ਅੱਖ ਬਿਠਲਾਇ ਲੈ,
ਹੱਥ ਤਲੀਆਂ ਤਲੇ ਰੱਖ ਪਰਚਾਇ ਲੈ ।
ਠਾਰ ਦੇ ਚਿੱਤ, ਇਸ਼ਨਾਨ ਕਰਵਾਇ ਕੇ,
ਤ੍ਰਿਪਤ ਕਰ ਦੇਵਤਾ, ਭੋਗ ਲਗਵਾਇ ਕੇ ।
ਨੀਵਿਆਂ ਚੱਲ ਕੇ, ਮਿੱਠੜਾ ਬੋਲ ਕੇ,
ਖੰਡ ਘਿਓ ਪ੍ਰੇਮ ਤੇ ਟਹਿਲ ਦਾ ਘੋਲ ਕੇ ।
ਉਸ ਦੀਆਂ ਖੱਟੀਆਂ ਰੱਖ ਸੰਭਾਲ ਕੇ,
ਵਰਤ ਬੇਸ਼ੱਕ, ਪਰ ਦੇਖ ਭਾਲ ਕੇ ।
ਸਾਂਭ ਕੇ ਰੱਖ ਕੁਝ ਦੁਖ ਸੁਖਾਂ ਵਾਸਤੇ,
ਲੱਜ ਲੀਹ, ਰੀਤ ਅਰ ਢੰਗ ਦੀ ਆਸ ਤੇ ।
ਹੱਥ ਭੀ ਛਿਣਕ, ਉਪਕਾਰ ਕਰ, ਦਾਨ ਦੇ,
ਦੇਖ ਤੌਫ਼ੀਕ ਪਰ ਯੋਗ ਜੋ ਸ਼ਾਨ ਦੇ ।
(4)
ਏਸ ਤੋਂ ਬਾਦ ਇਕ ਧਰਮ ਹੈ ਨਾਰ ਦਾ,
ਕੁਦਰਤੀ ਨੇਮ ਅਰ ਹੁਕਮ ਕਰਤਾਰ ਦਾ ।
ਆਲ ਔਲਾਦ ਨੂੰ ਜੰਮਣਾ ਪਾਲਣਾ,
ਜੁਹਦ ਨੂੰ ਜਾਲਣਾ, ਘਾਲ ਨੂੰ ਘਾਲਣਾ ।
ਗਰਭ ਦਾ ਭਾਰ ਜੋ ਸੌਂਪਿਆ ਨਾਰ ਨੂੰ,
ਰੱਖਣੇ ਵਾਸਤੇ ਕੈਮ ਸੰਸਾਰ ਨੂੰ ।
ਅਗਲਿਓਂ ਬਾਰਿਓਂ ਲੰਘ ਕੇ ਆਉਣਾ,
ਜਿੰਦ ਨੂੰ ਮੌਤ ਦੇ ਮੂੰਹ ਪਾਉਣਾ ।
ਤਦ ਕਿਤੇ ਜਾਇ ਕੇ ਸ਼ਕਲ ਸੰਤਾਨ ਦੀ,
ਵੇਖਣੀ ਮਿਲੇ ਇਹ ਦਾਤ ਭਗਵਾਨ ਦੀ ।
ਪੋਟਿਆਂ ਨਾਲ ਅੰਗੂਰਾਂ ਨੂੰ ਪਾਲਣਾ,
ਜਾਨ ਦੇ ਨਾਲ ਲਾ ਬਾਲ ਸੰਭਾਲਣਾ ।
ਆਪਣੀ ਜਿੰਦ ਨੂੰ ਖੇਹ ਵਿਚ ਰੋਲਣਾ ।
ਗੰਦ ਨੂੰ ਮਿੱਧਣਾ, ਚੈਨ ਸੁਖ ਘੋਲਣਾ ।
ਫੁੱਲ ਦੇ ਵਾਂਗ ਇਸ ਜਿੰਦ ਨੂੰ ਠਾਰਨਾ,
ਨੀਂਦ ਨੂੰ ਵਾਰਨਾ, ਭੁੱਖ ਨੂੰ ਮਾਰਨਾ ।
ਜੀਭ ਨੂੰ ਵਾਂਜਣਾ ਹੌਲੀਓਂ ਭਾਰੀਓਂ,
ਤੱਤੀਓਂ, ਥਿੰਧੀਓਂ, ਖ਼ੱਟੀਓਂ ਖਾਰੀਓਂ ।
ਗੋਡਣਾ, ਸਿੰਜਣਾ, ਰਾਖੀਆਂ ਕਰਨੀਆਂ,
ਡਾਕਟਰ ਵੈਦ ਦੀਆਂ ਚੱਟੀਆਂ ਭਰਨੀਆਂ ।
ਸੁੱਖਣਾਂ ਸੁਖਦਿਆਂ ਰੱਬ ਰਛਪਾਲ ਜੇ,
ਚਾੜ੍ਹ ਦੇ ਤੋੜ ਇਹ ਮਾਤਾ ਦਾ ਮਾਲ ਜੇ ।
ਪਾਲਣਾ, ਪੋਸਣਾ, ਪੂੰਝਣਾ ਕੱਜਣਾ,
ਹੱਸਦੇ ਖੇਡਦੇ ਵੇਖ ਨਾ ਰੱਜਣਾ ।
ਕੰਮ ਵਿਚ ਚੰਮ ਪਰ ਖਯਾਲ ਹੈ ਲਾਲ ਤੇ,
ਨੱਚਦੀ ਨੀਝ ਹੈ ਬਾਲ ਦੇ ਤਾਲ ਤੇ ।
(5)
ਬਾਲ ਇਸ ਬਾਰਿਓਂ ਲੰਘ ਜਦ ਜਾਉਂਦਾ,
ਭਾਰ ਇਕ ਹੋਰ ਸਿਰ ਨਾਰ ਦੇ ਆਉਂਦਾ ।
ਨੇਕ ਬਦ ਚਜ ਆਚਾਰ ਸਮਝਾਉਣਾ,
ਤੋਤਿਆਂ ਵਾਂਗ ਸਭ ਗੱਲ ਸਿਖਲਾਉਣਾ ।
ਝੂਠ ਤੋਂ ਵਰਜਣਾ, ਵਲ ਸੱਚ ਲਾਉਣਾ,
ਬੁਰੇ ਤੇ ਭਲੇ ਦਾ ਫ਼ਰਕ ਦਿਖਲਾਉਣਾ ।
ਉੱਠਣਾ, ਬੈਠਣਾ, ਬੋਲਣਾ, ਚੱਲਣਾ,
ਦੱਸ ਫਿਰ ਵਿੱਦਿਆ ਵਾਸਤੇ ਘੱਲਣਾ ।
ਮੱਤ ਸਿਖਲਾਇ ਕੇ ਫੇਰ ਪਰਨ੍ਹਾਉਣਾ,
ਧਰਮ ਅਰ ਕਰਮ ਦੀਏ ਡੰਡੀਏ ਪਾਉਣਾ ।
(6)
ਐਡੜੇ ਫ਼ਰਜ਼ ਜਦ ਰੱਬ ਨੇ ਪਾਏ ਨੇ,
ਹੋਰ ਕੀ ਆਪ ਤੂੰ ਨਾਲ ਚੰਬੜਾਏ ਨੇ ।
ਉੱਠ ਮਰਦਾਨਗੀ ਨਾਲ ਕਰ ਕਾਰ ਤੂੰ,
ਆਰਤੀ ਚਾੜ੍ਹ ਇਸ ਬਾਗ਼ ਪਰਵਾਰ ਨੂੰ ।
ਰਾਮ ਰਛਪਾਲ ਹੈ, ਕ੍ਰਿਸ਼ਨ ਗੋਪਾਲ ਹੈ,
ਵੈਸ਼ਨੋ ਸ਼ੀਲਤਾ, ਭਗਵਤੀ ਜਵਾਲ ਹੈ,
ਜਾਗ ਪਰਭਾਤ ਇਸ਼ਨਾਨ ਕਰਵਾਇ ਨੇ,
ਉੱਜਲੇ ਸੋਹਣੇ ਚੀਰ ਪਹਿਨਾਇ ਨੇ,
ਲਾਪਸੀ ਦੁੱਧ ਦਾ ਭੋਗ ਲਗਵਾਇ ਦੇ,
ਜੋ ਤੇਰੇ ਪਾਸ ਹੈ, ਭੇਟ ਭੁਗਤਾਇ ਦੇ ।
ਰੋਣ ਤਾਂ ਪਯਾਰ ਦੇ ਨਾਲ ਪਰਚਾਇ ਦੇ,
ਰਹਨ ਤਾਂ ਵੰਡ ਕੇ ਖਾਣ ਸਮਝਾਇ ਦੇ ।
ਭਾਗਵਤ ਪਾਠ ਹੈ ਲੋਰੀਆਂ ਤੇਰੀਆਂ,
ਪਯਾਰ ਦੀ ਨੀਝ ਪਰਦੱਖਣਾਂ ਫੇਰੀਆਂ ।
ਖੰਡ ਦੇ ਵਿੱਚ ਜਦ ਪਰਚਦਾ ਬਾਲ ਹੈ,
ਵੇਖ ਕਿਆ ਵੱਜਦਾ ਸੰਖ ਘੜਿਆਲ ਹੈ ।
ਜੀਉਂਦੇ ਜਾਗਦੇ ਦੇਉਤੇ ਛੱਡ ਕੇ,
ਸੇਉਣੇ ਸੈਲ ਕੀ ਦੰਦੀਆਂ ਅੱਡ ਕੇ ।
ਸੌਂਪ ਜੋ ਛੱਡੀਆ ਕਾਰ ਕਰਤਾਰ ਨੇ,
ਬਹੁਤ ਹੈ ਏਤਨੀ ਤੁੱਧ ਦੇ ਕਾਰਨੇ ।
ਰੱਬ ਕਿਰਪਾਲ ਇਨਸਾਫ ਦਾ ਦਵਾਰ ਹੈ,
ਓਸ ਨੂੰ ਆਪਣੀ ਸ੍ਰਿਸ਼ਟਿ ਨਾਲ ਪਯਾਰ ਹੈ ।
ਨਰਮ ਦਿਲ ਨਾਜ਼ਕੀ ਬਖਸ਼ ਕੇ ਨਾਰ ਨੂੰ,
ਸੁੱਟਿਆ ਓਸ ਤੇ ਪ੍ਰੇਮ ਦੇ ਭਾਰ ਨੂੰ ।
ਸ਼ੀਲਤਾ, ਮਿੱਠਤਾ, ਟਹਿਲ ਭਲਿਆਈਆਂ,
ਐਡੀਆਂ ਭਾਰੀਆਂ ਚੁੰਗੀਆਂ ਲਾਈਆਂ ।
ਫ਼ਰਜ਼ ਇਹ ਪਾਲਦੀ ਰੀਝ ਦੇ ਨਾਲ ਤੂੰ,
ਹੋਹੁ ਬੇਸ਼ੱਕ ਸੰਸਾਰ ਤੋਂ ਕਾਲ ਤੂੰ ।
ਦੇਵੀਆਂ ਵਾਂਗ ਸੁਖ ਸ਼ਾਨਤੀ ਪਾਇੰਗੀ,
ਸਿੱਧੜੀ ਲੰਘ ਦਰਵਾਜ਼ਿਓਂ ਜਾਇੰਗੀ ।
ਸਾਧ ਜੋ ਲੱਭਦੇ ਧੂਣੀਆਂ ਬਾਲ ਕੇ,
ਨਾਰ ਪਾ ਜਾਇ ਉਹ ਬਾਲਕੇ ਪਾਲਕੇ ।
ਘੋਰ ਤਪ ਨਾਰ ਦਾ ਜਾਇ ਬੇਕਾਰ ਨਾ ।
ਹੋਰਥੇ ਚਾਤ੍ਰਿਕ ਝਾਤੀਆਂ ਮਾਰ ਨਾ ।