ਇੱਕ ਤਾਕੀ ਮੈਂ ਅੰਬਰੀਂ ਖੋਲੀ
ਚਾਨਣ ਦਾ ਘੜਾ ਉਲਟਿਆ,
ਤੇਰੀਆਂ ਯਾਦਾਂ ਨਾਲ ਕਲੇਜਾ ਭਰ ਲਿਆ।
ਇੱਕ ਬੂਹਾ ਪਤਾਲਾਂ ਵੱਲ ਖੁੱਲਿਆ,
ਬਿਰਹਾ ਦਾ ਰਾਖਸ਼ ਉੱਠ ਕੇ,
ਮੇਰੇ ਲਹੂ ਦੇ ਘੁੱਟ ਭਰਦਾ ਰਿਹਾ।
ਇੱਕ ਚੁੰਨੀ ਮੈਂ ਸੂਰਜ ਤੇ ਪਾਈ
ਕਿਰਨਾਂ ਦਾ ਟਿੱਕਾ
ਸਿਰ ਮੱਥੇ ਧਰ ਲਿਆ।
ਇੱਕ ਬੁੱਕਲ ਚੰਨ ਵੱਲ ਵਧਾਈ,
ਹਨੇਰਿਆਂ ਮੇਰੇ ਦੀਵੇ ਦਾ ਜਿਵੇਂ
ਸਾਹ ਹੀ ਹਰ ਲਿਆ।
ਮੰਗ ਪੂਰਬ ਤੋੰ,
ਉਮੀਦ ਦੇ ਧਾਗੇ
ਮੈਂ ਮਨ ਦਾ ਚਰਖਾ ਕੱਤ ਲਿਆ,
ਕਿੰਞ ਸੁਣਾਵਾਂ, ਕਿਸ ਸੁਣਾਵਾਂ,
ਰੂਹ ਮੇਰੀ ਨੇ ਇਸ ਪੱਛਮ ਤੋਂ
ਕਿਹੜਾ ਕਿਹੜਾ ਫੱਟ ਜੇ ਲਿਆ!!


