ਚਲ ਖ਼ਤਾਂ ਦਾ ਸੌਦਾ ਕਰੀਏ..
ਉਹ ਖ਼ਤ ਜਿਹੜੇ ਤੂੰ ਸੁਫਨਿਆਂ ਵਾਂਗ ਦਿਖਾਏ,
ਉਹ ਖ਼ਤ ਜਿਹੜੇ ਮੈਂ ਹਿਜਰ ਵਾਂਗ ਹੰਢਾਏ,
ਉਹ ਖ਼ਤ ਜਿਹਨਾਂ ਵਿੱਚ ਅੱਖਰਾਂ ਦੀ ਥਾਂ
ਤੂੰ ਪਾਈਆਂ ਜਾਗਦੀਆਂ ਰਾਤਾਂ,
ਉਹ ਖ਼ਤ ਜਿਹਨਾਂ ਵਿੱਚ ਸਿਆਹੀ ਦੀ ਥਾਂ
ਮੈਂ ਲੁਕਾਈਆਂ ਅਣਮੁੱਕੀਆਂ ਬਾਤਾਂ,
ਉਹ ਖ਼ਤ ਜਿਹਨਾਂ ਵਿੱਚ ਮਹਿਕਦੀ
ਤੇਰੀ ਦੇਹੀ ਦੀ ਛੋਹ ਸੀ,
ਉਹ ਖ਼ਤ ਜਿਹਨਾਂ ਵਿੱਚ ਦਿਸਦਾ
ਮੇਰੇ ਨੈਣਾਂ ਵਾਲਾ ਮੋਹ ਸੀ,
ਚਲ ਵੰਡ ਲਈਏ ਉਹ ਸਾਰੇ ਖ਼ਤ,
ਰੋਜ ਤੂੰ ਇੱਕ ਖ਼ਤ ਮੇਰੀ ਉਡੀਕਦੀ
ਡਿਊੜੀ ਤੇ ਰੱਖ ਦਿਆ ਕਰੀਂ,
ਰੋਜ ਇੱਕ ਖ਼ਤ ਮੈਂ ਤੇਰੀ ਬੇਚੈਨ ਰਾਤ
ਦੀ ਝੋਲੀ ਪਾ ਦਿਆ ਕਰਾਂਗੀ,
ਬਿਰਹਾ ਦੇ ਇਸ ਸੌਦੇ ਵਿੱਚ
ਮੁਹੱਬਤ ਦੀ ਜਿੱਤ ਖ਼ਾਤਰ
ਚਲ ਜਿੰਦਾਂ ਦਾ ਸੌਦਾ ਕਰੀਏ
ਚਲ ਖ਼ਤਾਂ ਦਾ ਸੌਦਾ ਕਰੀਏ


