Kavishala
Login / Sign Up
Home
Profile
Home
Profile
1 min
723.9K
ਉਲ੍ਹਾਮਾ - ਡਾਕਟਰ ਦੀਵਾਨ ਸਿੰਘ ਕਾਲੇਪਾਣੀ
Kavishala Archives
Jun 16, 2020
AI
Kavishala AI
Listen to this post
ਹੋਇਆ ਕੀ ਜੇ ਤਾਰਿਆ ਰਾਖ਼ਸ਼ਾਂ ਨੂੰ, ਮੈਂਨੂੰ ਤਾਰਿਆ ਨਾ, ਤਾਰਨਹਾਰ ਕੇਹਾ ! 'ਦੇਂਦਾ ਦੇਹ ਲੈਂਦੇ ਥਕ ਪੈਣ' ਸਾਰੇ, ਦਿੱਤਾ ਨਹੀਂ ਮੈਨੂੰ ਤਾਂ ਦਾਤਾਰ ਕੇਹਾ ! ਫਿਰੇਂ ਬਖ਼ਸ਼ਦਾ ਭਾਲ ਕੇ ਠੱਗਾਂ ਤਾਈਂ, ਬਖ਼ਸ਼ੇਂ ਨਹੀਂ ਮੈਨੂੰ ਤਾਂ ਗ਼ਫਾਰ ਕੇਹਾ ! ਸਾਰੇ ਜੱਗ ਦੇ ਰੋਗੀਆਂ ਕਰੇਂ ਰਾਜ਼ੀ, ਮੈਂ ਬੀਮਾਰ ਰਿਹਾ, ਡਾਕਦਾਰ ਕੇਹਾ ! ਮੇਰਾ ਤਪਤ ਕੜਾਹਾ ਨਾ ਬੁਝਿਆ ਜੇ, ਤਾਂ ਤੂੰ ਸੀਤ ਕੇਹਾ, ਠੰਡਾ ਠਾਰ ਕੇਹਾ। ਸਾਰੇ ਜਗਤ ਜਲੰਦੇ ਨੂੰ ਰੱਖ ਭਾਵੇਂ, ਜੇ ਮੈਂ ਭੁੱਜ ਰਿਹਾ, ਕਿਰਪਾਧਾਰ ਕੇਹਾ । ਮੇਰੇ ਮਨ ਦੇ ਵਿੰਗੇ ਤ੍ਰੱਕਲੇ ਨੂੰ, ਕੀਤਾ ਨਹੀਂ ਸਿੱਧਾ, ਤੂੰ ਲੁਹਾਰ ਕੇਹਾ । ਘਰ ਤੇਰੇ ਤਾਂ ਸੱਭ ਕਿਛ ਸੱਚ ਬਾਬਾ, ਮੈਂ ਕੰਗਾਲ ਰਿਹਾ, ਤੇਰਾ ਦੁਆਰ ਕੇਹਾ । ਸੁਣੀ ਗੱਲ ਨਾ ਰਾਤ ਦਿਨ ਕੂਕਿਆ ਮੈਂ, ਤੂੰ ਹੀ ਦੱਸ, ਇਹ ਤੇਰਾ ਦਰਬਾਰ ਕੇਹਾ । ਜੈਂਦੀ ਭੋਂਡੜੀ ਸ਼ਕਲ ਬਣਾਇਉ ਈ, ਉਹਦੇ ਭਾਅ ਦਾ ਤੂੰ ਘੁਮਿਆਰ ਕੇਹਾ । ਜੀਹਦਾ ਨਹੀਂ ਅੱਗਾ, ਨਾ ਹੀ ਕੋਈ ਪਿੱਛਾ, ਉਹਦੀ ਵਸੋਂ ਕਾਹਦੀ, ਘਰ ਬਾਰ ਕੇਹਾ ।
Join WhatsApp Community
Daily literature, poetry & stories
Read More
Earn More
Learn More