ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ । ਆਹੋ ਮੈਨੂੰ ਉਹਦੀ ਕੋਈ ਪਰਵਾਹ ਨਹੀਂ । ਹੁਣ ਉਹ ਚਾਰੂ ਹੋ ਗਿਆ ਹਰੀਆਂ ਫ਼ਸਲਾਂ ਦਾ, ਮੇਰੇ ਕੋਲ ਤੇ ਇਕ ਦੋ ਰੁੱਗ ਵੀ 'ਘਾਹ' ਨਹੀਂ । ਅਪਣੇ ਹੰਝੂਆਂ ਵਿੱਚ ਉਹ ਗੋਤੇ ਖਾਂਦਾ ਏ, ਡੁੱਬ ਜਾਵੇਗਾ ਉਹਦਾ ਲੰਬਾ ਸਾਹ ਨਹੀਂ । ਹੁਣ ਉਹ ਅਪਣੇ ਸਿਰ ਦੇ ਵਿੱਚ ਕੀ ਪਾਏਗਾ, ਸੱਤਾਂ ਚੁੱਲ੍ਹਿਆਂ ਵਿੱਚ ਤੇ ਮੁੱਠ ਸੁਆਹ ਨਹੀਂ । ਅੱਗ ਦੇ ਕੋਲ ਘਿਉ ਵੀ ਪੰਘਰ ਜਾਂਦਾ ਏ, ਮੇਰੇ ਐਡੇ ਨੇੜੇ ਮੰਜੀ ਡਾਹ ਨਹੀਂ । ਬੱਧੇ ਸੰਗਲ ਮੈਨੂੰ ਟੁੱਟਣ ਦਿੰਦੇ ਨਹੀਂ, ਮੌਤ ਦਾ ਮੈਨੂੰ ਰੱਤੀ ਭਰ 'ਤਰਾਹ' ਨਹੀਂ । ਮੇਰੇ ਦੁੱਖੋਂ ਮੌਤ ਕਿਨਾਰੇ ਬੈਠਾ ਏ, ਉੱਤੋਂ ਆਂਹਦਾ ਮੈਨੂੰ ਕੋਈ ਪ੍ਰਵਾਹ ਨਹੀਂ । ਵਿੱਛੜ ਕੇ ਰੋਂਦਾ ਸੀ ਮਿਲ ਕੇ ਆਕੜ ਦਾ, 'ਅਫ਼ਜ਼ਲ ਅਹਿਸਨ' ਉਹਦਾ ਕੁਝ ਵਿਸਾਹ ਨਹੀਂ ।