ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ । ਕੈਦ 'ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ । ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ ਭਰ ਵੰਡਾਂ, ਚੰਗੇ ਲੋਕੀ ਹਸ-ਹਸ ਝੋਲੀਆਂ ਭਰ-ਭਰ ਲੁੱਟਣ । ਮੈਂ ਲਫ਼ਜ਼ਾਂ ਵਿੱਚ ਬੀਜਾਂ ਪਿਆਰ ਅਮਨ ਦੀਆਂ ਫ਼ਸਲਾਂ, ਇਕ ਇਕ 'ਬੀ' 'ਚੋਂ ਸੌ ਸੌ ਬੂਟੇ ਫੁੱਟਣ । ਬੰਦੇ ਦੀ ਬੰਦਿਆਈ ਲਿਖਾਂ ਤਾਂ ਜੋ ਬੰਦੇ, ਇਕ ਦੂਜੇ ਤੇ ਗੁੱਸੇ ਨਾਲ ਨਾ 'ਫੁੱਲ' ਵੀ ਸੁੱਟਣ । ਮੈਂ ਲਿਖਾਂ, ਮੈਂ ਲਿਖਾਂ ਮੈਂ ਲਿਖਦਾ ਹੀ ਜਾਵਾਂ, 'ਸ਼ਾਲਾ' ਕਲਮ ਤੇ ਹਰਫ਼ ਦੇ ਰਿਸ਼ਤੇ ਕਦੀ ਨਾ ਟੁੱਟਣ । 'ਅਫ਼ਜ਼ਲ ਅਹਿਸਨ' ਲਫ਼ਜ਼ 'ਚ ਇਸਮੇਂ ਆਜ਼ਮ ਜਾਗੇ, ਦੁੱਖਾਂ, ਦਰਦਾਂ ਵਾਲੇ ਦੁੱਖ ਦਰਦਾਂ ਤੋਂ ਛੁੱਟਣ ।