Kavishala
Contests
Plus
Log in / Sign up
Home
Profile
Home
Profile
5 min read
797.6K reads
ਮਰਨ ਭਲਾ ਹੈ ਬੁਰੀ ਜੁਦਾਈ - ਪਾਲ ਸਿੰਘ ਆਰਿਫ਼
Kavishala Archives
Jun 16, 2020
Share as image
Download
ਆ ਮਿਲ ਪਿਆਰੇ ਆ ਦੇਹ ਦਰਸ਼ਨ । ਇਸ ਦਰਸ਼ਨ ਨੂੰ ਅੱਖੀਆਂ ਤਰਸਨ । ਛਮ ਛਮ ਵਾਂਗ ਘਟਾ ਦੇ ਬਰਸਨ । ਰੋ ਰੋ ਛਹਿਬਰ ਖੂਬ ਲਗਾਈ । ਮਰਨ ਭਲਾ ਹੈ ਬੁਰੀ ਜੁਦਾਈ ।੧। ਮਿਹਰ ਕਰੀਂ ਪਾਵੀਂ ਇਕ ਫੇਰੀ । ਮੈਂ ਮੋਹੀ ਹਾਂ ਸੂਰਤ ਤੇਰੀ । ਤੁਧ ਬਿਨ ਆਏ ਗ਼ਮਾਂ ਨੇ ਘੇਰੀ । ਹੈ ਹੁਣ ਜਾਨ ਲਬਾਂ ਪਰ ਆਈ । ਮਰਨ ਭਲਾ ਹੈ ਬੁਰੀ ਜੁਦਾਈ ।੨। ਕਿਥੋਂ ਢੂੰਢਾਂ ਕਿਧਰ ਜਾਵਾਂ । ਕਿਸ ਨੂੰ ਦਿਲ ਦਾ ਹਾਲ ਸੁਨਾਵਾਂ । ਹੈ ਹੈ ਕਰ ਕੇ ਵਖਤ ਲੰਘਾਵਾਂ । ਡਾਢਾ ਦੁਖ ਨਾ ਕੋਈ ਦਵਾਈ । ਮਰਨ ਭਲਾ ਹੈ ਬੁਰੀ ਜੁਦਾਈ ।੩। ਤੇਰੇ ਕਾਰਨ ਤਾਨ੍ਹੇ ਮਾਰਨ । ਜਲੀ ਬਲੀ ਨੂੰ ਮੁੜ ਮੁੜ ਜਾਰਨ । ਦੂਤੀ ਦੁਸ਼ਮਨ ਖਲ ਉਤਾਰਨ । ਵੈਰੀ ਹੋਈ ਸਭ ਲੁਕਾਈ । ਮਰਨ ਭਲਾ ਹੈ ਬੁਰੀ ਜੁਦਾਈ ।੪। ਤੁਧ ਬਿਨ ਹੋਈ ਮੈਂ ਮਸਤਾਨੀ । ਕਰਦੀ ਫਿਰਦੀ ਜਾਨੀ ਜਾਨੀ । ਲਾ ਗਿਓਂ ਵਿੱਚ ਜਿਗਰ ਦੇ ਕਾਨੀ । ਮੁੜ ਕੇ ਸਾਰ ਨਾ ਲਈਓ ਕਾਈ । ਮਰਨ ਭਲਾ ਹੈ ਬੁਰੀ ਜੁਦਾਈ ।੫। ਹੈ ਬੇਦਰਦੀ ਦਰਦ ਨਾ ਆਇਆ । ਖੂਨੀ ਤੀਰ ਜਿਗਰ ਵਿੱਚ ਲਾਇਆ । ਹੋਸ਼ ਅਕਲ ਜਹਾਨ ਭੁਲਾਇਆ । ਮੇਰਾ ਦਰਦ ਨਾ ਕੀਤੋ ਰਾਈ । ਮਰਨ ਭਲਾ ਹੈ ਬੁਰੀ ਜੁਦਾਈ ।੬। ਕੋਈ ਦਸੇ ਦਿਲਬਰ ਮੇਰਾ । ਜਿਸ ਨੇ ਦਿਲ ਵਿਚ ਕੀਤਾ ਡੇਰਾ । ਚੈਨ ਨਾ ਤਿਸ ਬਿਨ ਸੰਝ ਸਵੇਰਾ । ਕਿਤ ਵਲ ਦੇਵਾਂ ਜਾਹਿ ਦੁਹਾਈ । ਮਰਨ ਭਲਾ ਹੈ ਬੁਰੀ ਜੁਦਾਈ ।੭। ਉਸ ਛਲਹਾਰੇ ਕਰ ਛਲ ਛਲੀਆਂ । ਰੋਂਦੀ ਫਿਰੀ ਮੈਂ ਵਿੱਚ ਗਲੀਆਂ । ਬਿਰਹੋਂ ਆਤਸ਼ ਦੇ ਵਿੱਚ ਬਲੀਆਂ । ਚਿਖਾ ਵਿਛੋੜੇ ਪਕੜ ਝੜਾਈ । ਮਰਨ ਭਲਾ ਹੈ ਬੁਰੀ ਜੁਦਾਈ ।੮। ਸਭ ਜ਼ਮਾਨਾ ਖੇਲੇ ਹੱਸੇ । ਮੇਰਾ ਯਾਰ ਨਾ ਕੋਈ ਦੱਸੇ । ਓਹ ਹੁਣ ਕੇਹੜੀਂ ਦੇਸੀਂ ਵੱਸੇ । ਜਿਸ ਦੀ ਸੂਰਤ ਹੋਸ਼ ਭੁਲਾਈ । ਮਰਨ ਭਲਾ ਹੈ ਬੁਰੀ ਜੁਦਾਈ ।੯। ਜਾਂ ਸਾਈਆਂ ਓਹ ਸਾਈਂ ਆਵੇ । ਨਹੀਂ ਤਾਂ ਜਿੰਦ ਨਿਕਲ ਕੇ ਜਾਵੇ । ਜੋ ਕੋਈ ਮੇਰਾ ਯਾਰ ਮਿਲਾਵੇ । ਉਸ ਉੱਤੋਂ ਮੈਂ ਘੋਲ ਘੁਮਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੦। ਹੋ ਜੋਗਨ ਜੰਗਲ ਵਿੱਚ ਜਾਵਾਂ । ਗਲ ਵਿੱਚ ਜੁਲਫ਼ਾਂ ਵੇਸ ਵਟਾਵਾਂ । ਜਾ ਸੋਹਣੇ ਨੂੰ ਢੂੰਢ ਲਿਆਵਾਂ । ਜਿਸ ਨੇ ਚੋਟ ਜਿਗਰ ਵਿੱਚ ਲਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੧। ਪਉਏ ਪਹਿਰ ਚਿਪੀ ਹਥ ਫੜਸਾਂ । ਹੋ ਬੈਰਾਗਨ ਬਨ ਵਿੱਚ ਵੜਸਾਂ । ਬਿਰਹੋਂ ਆਤਸ਼ ਅੰਦਰ ਸੜਸਾਂ । ਜੇ ਨਾ ਜਾਨੀ ਦੇ ਦਿਖਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੨। ਸਈਓ ਚਰਖੇ ਚਾਇ ਉਠਾਵੋ । ਘਰ ਬਾਹਿਰ ਨੂੰ ਅਗ ਲਗਾਵੋ । ਏਕੋ ਗੀਤ ਸਜਨ ਦੇ ਗਾਵੋ । ਜਿਸ ਬਿਨ ਝੂਠੀ ਸਭ ਲੁਕਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੩। ਕੋਠੇ ਤੇ ਚੜ੍ਹ ਦਿਆਂ ਦੁਹਾਈਆਂ । ਆ ਮਿਲ ਪਿਆਰੇ ਆ ਮਿਲ ਸਾਈਆਂ । ਤੂੰ ਮੇਰੇ ਮਨ ਕੇਹੀਆਂ ਲਾਈਆਂ । ਕਮਲੀ ਸ਼ਕਲ ਬੇਹੋਸ਼ ਬਨਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੪। ਤੇਰਾ ਇਸ਼ਕ ਜਾਂ ਤਨ ਮੇਂ ਆਇਆ । ਸਾਕ ਅੰਗ ਦਾ ਸੰਗ ਛਡਾਇਆ । ਵੈਰੀ ਸਭ ਜਹਾਨ ਬਣਾਇਆ । ਨਾ ਕੋਈ ਭੈਣ ਨਾ ਬਾਬਲ ਮਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੫। ਘਰ ਵਿੱਚ ਲੋਕ ਸੁਖੀ ਸਭ ਸਉਂਦੇ । ਆਸ਼ਕ ਫਿਰਨ ਉਜਾੜੀਂ ਭਉਂਦੇ । ਹਰ ਦਮ ਸਲ ਜਿਗਰ ਵਿੱਚ ਪਉਂਦੇ । ਤਨ ਮਨ ਵਾਲੀ ਹੋਸ਼ ਨ ਕਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੬। ਆ ਮਿਲ ਪਿਆਰੇ ਨਾ ਕਰ ਅੜੀਆਂ । ਰਾਹ ਉਡੀਕਾਂ ਹਰ ਦਮ ਖੜੀਆਂ । ਰੋ ਰੋ ਨੈਨ ਲਗਾ ਰਹੇ ਝੜੀਆਂ । ਸਾਵਨ ਜਿਉਂ ਕਾਲੀ ਘਟ ਆਈ । ਮਰਨ ਭਲਾ ਹੈ ਬੁਰੀ ਜੁਦਾਈ ।੧੭। ਮੇਰੇ ਦਿਲ ਦੀ ਮੈਂ ਹੀ ਜਾਨਾ । ਕਮਲੀ ਆਖੇ ਸਭ ਜ਼ਮਾਨਾ । ਦੀਵੇ ਪਰ ਜਲਿਆ ਪਰਵਾਨਾ । ਤਿਉਂ ਤੂੰ ਮੇਰੀ ਜਾਨ ਜਲਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੮। ਲੋਕੀ ਮਤ ਆਪਣੀ ਦੱਸਨ । ਮੈਂ ਪਰ ਤੀਰ ਕਹਿਰ ਦੇ ਕੱਸਨ । ਖ਼ਫ਼ਤਨ ਝਲੀ ਕਹਿ ਕਹਿ ਹੱਸਨ । ਬੇਦਰਦਾਂ ਨੂੰ ਦਰਦ ਨ ਰਾਈ । ਮਰਨ ਭਲਾ ਹੈ ਬੁਰੀ ਜੁਦਾਈ ।੧੯। ਤੁਧ ਬਿਨ ਪਿਆਰੇ ਕਿਸ ਨੂੰ ਬੋਲਾਂ । ਕਿਹ ਤੇ ਭੇਦ ਦਿਲੇ ਦੇ ਖੋਲਾਂ । ਹਰ ਦਮ ਵਾਂਗ ਪੱਖੇ ਦੇ ਡੋਲਾਂ । ਵੇਖ ਬੇਦਰਦਨ ਸਭ ਲੁਕਾਈ । ਮਰਨ ਭਲਾ ਹੈ ਬੁਰੀ ਜੁਦਾਈ ।੨੦। ਪੇਕੇ ਸਹੁਰੇ ਕੂੜ ਬਹਾਨਾ । ਤੁਧ ਬਿਨ ਝੂਠਾ ਸਗਲ ਜ਼ਮਾਨਾ । ਪੜ੍ਹ ਕੇ ਡਿਠਾ ਬੇਦ ਕੁਰਾਨਾ । ਤਾਂ ਭੀ ਤੇਰੀ ਸਾਰ ਨਾ ਪਾਈ । ਮਰਨ ਭਲਾ ਹੈ ਬੁਰੀ ਜੁਦਾਈ ।੨੧। ਮਿਹਰ ਕਰੇਂ ਫੇਰੀ ਇਕ ਪਾਵੇਂ । ਇਸ ਬੰਦੀ ਦੀ ਬੰਦ ਛੁਡਾਵੇਂ । ਅਪਨੀਂ ਹਥੀਂ ਮਾਰ ਗੁਵਾਵੇਂ । ਤਾਂ ਮੇਰੇ ਮਨ ਖੌਫ਼ ਨਾ ਰਾਈ । ਮਰਨ ਭਲਾ ਹੈ ਬੁਰੀ ਜੁਦਾਈ ।੨੨। ਆ ਮਿਲ ਪਿਆਰੇ ਆ ਲਗ ਛਾਤੀ । ਤੁਧ ਬਿਨ ਜਾਏ ਕਹਿਰ ਦੀ ਰਾਤੀ । ਲਾ ਕੇ ਵਿੱਚ ਜਿਗਰ ਦੇ ਕਾਤੀ । ਮੁੜਕੇ ਸਾਰ ਨਾ ਲਈਓ ਕਾਈ । ਮਰਨ ਭਲਾ ਹੈ ਬੁਰੀ ਜੁਦਾਈ ।੨੩। ਆ ਹੁਣ ਆ ਜਾ ਦਿਲ ਦੇ ਅੰਦਰ । ਤੁਧ ਬਿਨ ਦਿਸਨ ਖਾਲੀ ਮੰਦਰ । ਤੈਨੂੰ ਭਾਲਨ ਸ਼ਾਹ ਕਲੰਦਰ । ਮੈਂ ਤੇਰੇ ਤੋਂ ਘੋਲ ਘੁਮਾਈ । ਮਰਨ ਭਲਾ ਹੈ ਬੁਰੀ ਜੁਦਾਈ ।੨੪। ਵਾਹ ਵਾਹ ਪਿਆਰੇ ਵਾਹ ਵਾਹ ਜਾਨੀ । ਤੂੰ ਸਾਗਰ ਮੈਂ ਬੂੰਦ ਨਿਮਾਣੀ । ਰਿਹਾ ਨਾ ਮੇਰਾ ਨਾਮ ਨਿਸ਼ਾਨੀ । ਤੂੰ ਕਰ ਕਰ ਵਿੱਚ ਸਮਾਈ । ਮਰਨ ਭਲਾ ਹੈ ਬੁਰੀ ਜੁਦਾਈ ।੨੫। ਪਾਲ ਸਿੰਘ ਤੂੰ ਆਪੇ ਸੋਈ । ਜਿਸ ਦੀ ਤੁਲ ਨਾ ਦੂਜਾ ਕੋਈ । ਹੁਣ ਮਿਲ ਉਸ ਨੂੰ ਓਹੀ ਹੋਈ । ਲਹਿਰ ਸਮੁੰਦਰ ਵਿੱਚ ਸਮਾਈ । ਮਰਨ ਭਲਾ ਹੈ ਬੁਰੀ ਜੁਦਾਈ ।੨੬।
Join WhatsApp Community
Daily literature, poetry & stories
Read more
Earn more
Learn more
Write