ਕਿਸੇ ਰੱਜ ਪੀਤੀ, ਕਿਸੇ ਚੱਖ ਡਿੱਠੀ, ਐਵੇਂ ਮੁਫ਼ਤ ਵਿਚ ਅਸੀਂ ਬਦਨਾਮ ਹੋ ਗਏ । ਬਿਨਾ ਘਾਲ ਲੋਕੀਂ ਪਹੁੰਚੇ ਅਰਸ਼ ਉੱਤੇ, ਘਾਲਾਂ ਘਾਲਦੇ ਅਸੀਂ ਨਾਕਾਮ ਹੋ ਗਏ । ਦੂਤੀ ਊਤ ਰਹਿ ਕੇ ਅੰਤ ਹੋਏ ਚੰਗੇ, ਅਸੀਂ ਚੰਗੇ ਸਾਂ, ਬੁਰੇ ਅੰਜਾਮ ਹੋ ਗਏ । ਬੁਰਾ ਬੋਲ ਕੇ ਬਹੁਤ ਬੁਲੰਦ ਹੋਏ, ਸਦਕਾ ਸੱਚ ਦਾ ਅਸੀਂ ਗੁੰਮਨਾਮ ਹੋ ਗਏ। ਅਸੀਂ ਤਰਸਦੇ ਰਹੇ, ਮਿਲੀ ਬੂੰਦ ਨਾਹੀਂ, ਖ਼ਾਲੀ ਗ਼ੈਰਾਂ ਲਈ ਜਾਮ ਦੇ ਜਾਮ ਹੋ ਗਏ । ਮੁਜਰੇ ਆਮ ਹੋਏ ਖ਼ਾਸ ਆਮ ਤਾਈਂ, ਸਾਡੇ ਲਈ ਪਰ ਦਰਸ਼ਨ ਹਰਾਮ ਹੋ ਗਏ । ਪੱਲੇ ਸਬਰ ਨਾ ਸਿਦਕ ਸੰਤੋਖ ਰਹਿਆ, ਗੈਰ ਖ਼ਾਸ ਤੇ ਅਸੀਂ ਜਦ ਆਮ ਹੋ ਗਏ । ਸਾਡੇ ਭਾਗ ਭੰਬਲ-ਭੂਸੇ ਭਟਕਣਾ ਬੱਸ, ਹਿੱਸੇ ਹੋਰਾਂ ਦੇ ਐਸ਼-ਆਰਾਮ ਹੋ ਗਏ । ਖ਼ਾਤਰ ਕਿਸੇ ਦੀ ਮਿਹਰ ਦੇ ਮਹਿਲ ਬਣ ਗਏ, ਵਕਫ਼ ਅਸਾਂ ਲਈ ਗਾਲ੍ਹ ਦੁਸ਼ਨਾਮ ਹੋ ਗਏ । ਨੰਨ੍ਹੀ ਜਿੰਦ ਬੇਦੋਸੜੀ ਲਈ ਵੇਖੋ, ਜ਼ੁਲਮ ਕਹਿਰ ਸਾਰੇ ਬੇਲਗਾਮ ਹੋ ਗਏ ।