ਪੈਦਾ ਕਰਕੇ ਤੇ ਫੇਰ ਨਹੀਂ ਸਾਰ ਲੈਂਦਾ, ਪੱਥਰ ਚਿੱਤ ਐਡਾ ਕਿਰਦਗਾਰ ਕਿਹੜਾ ? ਨਹੀਂ ਕੂਣ ਦੇਂਦਾ, ਨਹੀਂ ਰੋਣ ਦੇਂਦਾ, ਉਤੋਂ ਮਾਰਦਾ ਏ ਐਡੀ ਮਾਰ ਕਿਹੜਾ ? ਨਹੀਂ ਮਰਨ ਦਿੰਦਾ, ਨਹੀਂ ਜੀਣ ਦਿੰਦਾ, ਲੰਮੀ ਲਾਈ ਰੱਖੇ ਐਡੀ ਲਾਰ ਕਿਹੜਾ ? ਚਿਣਗ ਲਾ ਆਪੀਂ ਗਿਆ ਛੱਪ ਕਿਧਰੇ, ਕਰੇ ਆਣ ਮੈਨੂੰ ਠੰਡਾ ਠਾਰ ਕਿਹੜਾ ? ਮੈਨੂੰ ਕੋਝੜੀ ਨੂੰ ਆਣ ਗਲੇ ਲਾਵੇ, ਨੀ ਉਹ ਸੋਹਣਿਆਂ ਦਾ ਸਰਦਾਰ ਕਿਹੜਾ ? ਮੇਰੇ ਦਿਲ ਦੀ ਉੱਜੜੀ ਕੁੱਲੜੀ ਦੀ, ਵੇਖਾਂ ਆਣ ਕੇ ਲੈਂਦਾ ਭਲਾ ਸਾਰ ਕਿਹੜਾ ? ਪਿਛਲੇ ਬਖ਼ਸ਼ ਲਵੇ ਅੱਗੋਂ ਕਰਨ ਦੇਵੇ, ਐਡੀ ਬਖ਼ਸ਼ ਵਾਲਾ ਬਖ਼ਸ਼ਣਹਾਰ ਕਿਹੜਾ ? ਆਪੇ ਕਰੀ ਜਾਵੇ, ਆਪੇ ਭਰੀ ਆਵੇ, ਲੇਖਾ ਪਾਕ ਰੱਖੇ ਗੁਨਹਗਾਰ ਕਿਹੜਾ ? ਚਿੱਤ ਮੇਰੇ ਦੇ ਉਡਣ ਪੰਖੇਰੂਏ ਨੂੰ, ਬਾਣ ਮਾਰ ਆ ਕਰੇ ਸ਼ਿਕਾਰ ਕਿਹੜਾ ? ਭੈੜੀ ਗਲੀ ਦੇ ਵਿਚ ਨਾ ਵੜਨ ਦੇਵੇ, ਪਹਿਰਾ ਤੇਜ਼ ਰੱਖੇ ਚੋਬਦਾਰ ਕਿਹੜਾ ? ਅੰਦਰ ਚਸਕ ਪੈਂਦੀ, ਬਾਹਰ ਜ਼ਖਮ ਹੈ ਨਹੀਂ, ਗੁੱਝੀ ਪੀੜ ਵਾਲਾ ਹੈ ਬੀਮਾਰ ਕਿਹੜਾ ? ਦਾਗ਼ਦਾਰ ਦਿਲ ਦਾ ਖ਼ਰੀਦਾਰ ਹੋਵੇ, ਐਡੀ ਮਿਹਰ ਵਾਲਾ ਦਿਲਬਰ ਯਾਰ ਕਿਹੜਾ ? ਕਾਲੇ-ਪਾਣੀਆਂ ਤੋਂ ਦੂਰ ਸੁੱਟਿਆਂ ਨੂੰ, ਸੁਹਣੀ ਬਾਸ ਦੇਵੇ ਗੁਲੇ-ਜ਼ਾਰ ਕਿਹੜਾ ?