ਹਰਦਮ ਯਾਦ ਰਖ ਕਰਤਾਰਾ । ਜਿਸ ਬਿਨ ਤੇਰਾ ਨਹੀਂ ਛੁਟਕਾਰਾ । ਵਾਂਗ ਸਰਾਉਂ ਸਮਝ ਜਗ ਸਾਰਾ । ਇਕ ਦਿਨ ਛੋਡ ਸਿਧਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੧। ਅਬ ਹੀ ਸਮਝ ਯਹੀ ਹੈ ਵੇਲਾ । ਜਾਸੇਂ ਜਾਨੀ ਬਾਝ ਅਕੇਲਾ । ਬਹੁਰ ਨਾ ਹੋਸੀ ਐਸਾ ਮੇਲਾ । ਅੰਤ ਬਾਰ ਪਛਤਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੨। ਮਹਿਲ ਮਕਾਨ ਉਚੀ ਅਟਾਰੀ । ਸੋਹਨੀ ਸੂਰਤ ਨਾਰੀ ਪਿਆਰੀ । ਮਾਇਆ ਦੌਲਤ ਬੇਸ਼ੁਮਾਰੀ । ਨੰਗੀਂ ਪੈਰੀਂ ਧਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੩। ਜਿਹਨਾ ਸੰਗ ਪ੍ਰੀਤ ਲਗਾਈ । ਅੰਤ ਬਾਰ ਨਾ ਕੋਈ ਸਹਾਈ । ਝੂਠੇ ਸਾਕ ਸੈਨ ਸੁਤ ਭਾਈ । ਫਸ ਫਸ ਚੋਟਾਂ ਖਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੪। ਜਿਨ੍ਹਾਂ ਮਹਿਲ ਮਕਾਨ ਬਨਾਏ । ਕਾਲ ਬਲੀ ਨੇ ਮਾਰ ਗਵਾਏ । ਰਾਵਨ ਜੇਹੇ ਖਾਕ ਰੁਲਾਏ । ਤੂੰ ਭੀ ਭਸਮ ਸਮਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੫। ਜਬ ਕੇ ਮੌਤ ਤੇਰੇ ਸਿਰ ਆਸੀ । ਤਬ ਫਿਰ ਪੇਸ਼ ਨਾ ਕੋਈ ਜਾਸੀ । ਏਹ ਜਿੰਦ ਕੂੰਜ ਵਾਂਗ ਕੁਰਲਾਸੀ । ਰੋ ਰੋ ਨੀਰ ਵਹਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੬। ਰਾਵਨ ਸੋਨੇ ਲੰਕ ਬਨਾਈ । ਜਾਤੀ ਵਾਰ ਨਹੀਂ ਕੰਮ ਆਈ । ਇਕ ਲਖ ਨਾਰ ਨਾ ਸੰਗ ਸਿਧਾਈ । ਤੂੰ ਕੀ ਸਾਥ ਲੈ ਜਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੭। ਜਿਨ੍ਹ ਘਰ ਫ਼ੌਜਾਂ ਹਾਥੀ ਘੋੜੇ । ਚਾਲੀ ਗੰਜ ਕਰੂੰ ਨੇ ਜੋੜੇ । ਜਾਤੀ ਵਾਰ ਪੜੇ ਹੀ ਛੋੜੇ । ਤੂੰ ਕੀ ਬਨਤ ਬਨਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੮। ਜੋ ਤੇਰੇ ਅਬ ਮੀਤ ਕਹਾਵਨ । ਤੈਨੂੰ ਹਥੀਂ ਪਕੜ ਜਲਾਵਨ । ਜਾਲੇ ਬਾਝ ਅੰਨ ਨਹੀਂ ਖਾਵਨ । ਕਬ ਦਿਲ ਕੋ ਸਮਝਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੯। ਜੇ ਤੂੰ ਅਪਨਾ ਆਪ ਗਵਾਵੇਂ । ਗਲੀ ਯਾਰ ਦੀ ਫੇਰਾ ਪਾਵੇਂ । ਜਾਨੀ ਜਾਨੀ ਹਰ ਦਮ ਗਾਵੇਂ । ਤੂੰ ਜਾਨੀ ਸਦਵਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੧੦। ਦੇਖ ਬੀਜ ਨੇ ਆਪ ਗਵਾਇਆ । ਬੀਜੋਂ ਹੀ ਫਿਰ ਬ੍ਰਿਛ ਬਨਾਇਆ । ਪਾਤ ਫੂਲ ਫਲ ਲਾਖੋਂ ਲਾਇਆ । ਤਿਉਂ ਹਰ ਰੰਗ ਸਮਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੧੧। ਭੱਠ ਪਿਆ ਦਿਲਬਰ ਬਿਨ ਜੀਨਾ । ਹਰਾਮ ਲਖੋ ਸਭ ਖਾਨਾ ਪੀਨਾ । ਆ ਤੂੰ ਸਮਝ ਨਾ ਥੀਓ ਕਮੀਨਾ । ਸੋਚ ਸੋਚ ਸੁਖ ਪਾਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੧੨। ਪਾਲ ਸਿੰਘ ਬਸ ਕਰ ਹੁਣ ਪਿਆਰੇ । ਤੇਰੇ ਹੀ ਸਭ ਰੰਗ ਪਸਾਰੇ । ਬੱਗੇ ਰੱਤੇ ਪੀਰੇ ਕਾਰੇ । ਕਦ ਦਿਲ ਅੰਦਰ ਆਵੇਂਗਾ । ਕਹੁ ਕੀ ਪੱਲੇ ਲੈ ਜਾਵੇਂਗਾ ।੧੩।