ਜੇ ਮੈਂ ਸੱਚ ਆਖਾਂ ਤਾਂ ਤੂੰ ਮੰਨਣਾ ਨਹੀਂ, ਤੇਰੇ ਬਾਝ ਹੈ ਜਾਨ ਹੈਰਾਨ ਮੇਰੀ । ਤੇਰੇ ਦਰਸ ਨੂੰ ਤਰਸਦੇ ਬਰਸ ਗੁਜ਼ਰੇ, ਹੁਣ ਤਾਂ ਨੱਕ ਤੇ ਆ ਗਈ ਜਾਨ ਮੇਰੀ । ਅਜੇ ਤਰਸ ਨਹੀਂ ਆਉਂਦਾ ਵਿਲਕਦੀ ਤੇ, ਤਰਲੇ ਲੈਂਦਿਆਂ ਸੁੱਕੀ ਜ਼ਬਾਨ ਮੇਰੀ । ਜੰਗਲ ਝਲ ਬੇਲੇ ਸਾਰੇ ਛਾਣ ਮਾਰੇ, ਹੋਰ ਕਰਨੈਂ ਕਿਉਂ ਮਿੱਟੀ ਵੀਰਾਨ ਮੇਰੀ । ਮੇਰਾ ਹਾਲ ਹੀ ਹੋਰ ਦਾ ਹੋਰ ਹੋਯਾ, ਤੂੰ ਭੀ ਸਕੇਂ ਨਾ ਸ਼ਕਲ ਸਿਆਣ ਮੇਰੀ । ਮੇਰੇ ਰੋਗ ਦਾ ਪਤਾ ਨਾ ਕਿਸੇ ਲਗੇ, ਸਾਰੇ ਵੈਦ ਰਹੇ ਨਬਜ਼ ਪਛਾਣ ਮੇਰੀ । ਜਾਂ ਤੂੰ ਜਾਣਨਾ ਏਂ ਜਾਂ ਮੈਂ ਜਾਣਨੀ ਹਾਂ, ਜਿਹੜਾ ਰੋਗ ਲੱਗਾ ਜਾਨ ਖਾਣ ਮੇਰੀ । ਮੇਰੇ ਦਰਦ ਦੀ ਦਵਾ ਤੂੰ ਜਾਣਨਾ ਏਂ, ਐਵੇਂ ਵੈਦ ਪਏ ਜਾਨ ਖਪਾਣ ਮੇਰੀ । ਪਤਲੀ ਪਾਣੀਓਂ ਤੇ ਕੱਖੋਂ ਹੋਈ ਹੌਲੀ, ਐਪਰ ਮੁਸ਼ਕਲ ਨਾ ਹੋਈ ਆਸਾਨ ਮੇਰੀ । ਹਸਰਤ ਇਕ ਵਾਰੀ ਤਾਂ ਮਿਟਾ ਆ ਕੇ, ਹੁਣ ਤੇ ਹਿਚਕੀਆਂ ਤੇ ਆ ਗਈ ਜਾਨ ਮੇਰੀ ।