ਜੇਕਰ ਵੱਸ ਹੁੰਦਾ ਮੇਰੇ, ਬੱਸ ਕਰਦੀ, ਐਪਰ ਵੱਸ ਤੋਂ ਗੱਲ ਬੇਵੱਸ ਹੋਈ । ਕਮਲੀ ਚਿਣਗ ਨੂੰ ਰੂੰ ਲਪੇਟਦੀ ਸੀ, ਲੂੰਬਾ ਨਿਕਲਿਆ ਸਾਰੇ ਖੜਖੱਸ ਹੋਈ । ਭੇਤ-ਭਾਂਡੇ ਨੂੰ ਮਰਨ ਤੇ ਭੰਨਦੀ ਨਾ, ਐਪਰ ਹੋਣੀ ਨਿਮਾਣੀ ਦੀ ਸੱਸ ਹੋਈ । ਲੇਖ ਲਿਖੇ ਧੁਰ ਦੇ ਅੱਗੇ ਆਣ ਹੋਏ, ਅੱਲਾਹ ਮਾਰਿਆਂ ਸਿਰ ਐਵੇਂ ਭੱਸ ਹੋਈ । ਬੰਦ ਕਲੀ ਵਾਂਗੂੰ ਸਦਾ ਬੰਦ ਰਹਿੰਦੀ, ਜੇਕਰ ਆਸ-ਬੁਲਬੁਲ ਠੂੰਗਾ ਮਾਰਦੀ ਨਾ । ਜੇਕਰ ਜਾਣ ਜਾਂਦੀ ਅਸਰ ਉਲਟ ਹੁੰਦੈ, ਭੇਤ ਦਿਲੇ ਦਾ ਖੋਲ੍ਹ ਖਿਲਾਰਦੀ ਨਾ । ਮੈਂ ਤੇ ਭੁੱਲ ਗਈ ਵੇ, ਡੋਲ ਡੁਲ੍ਹ ਗਈ ਵੇ, ਧੁਰੋਂ ਭੁੱਲੀ ਨੂੰ ਤੂੰ ਭੁਲਾ ਨਾਹੀਂ । ਮੈਂ ਤਾਂ ਰੋੜ੍ਹ ਬੇਕਲੀ ਦੇ ਰੁੜ੍ਹ ਗਈ ਹਾਂ, ਧੱਕਾ ਦੇ ਕੇ ਹੋਰ ਰੁੜ੍ਹਾ ਨਾਹੀਂ । ਦੂਤੀ ਦੁਸ਼ਮਣਾਂ ਦੇ ਆਖੇ ਲੱਗ ਸੱਜਣ, ਤੱਤੀ ਤਪੀ ਨੂੰ ਹੋਰ ਤਪਾ ਨਾਹੀਂ । ਸਤੀ ਸਤੀ ਨੂੰ ਹੋਰ ਸਤਾ ਨਾਹੀਂ, ਪੁਰ ਪੁਰ ਦੁਖੀ ਨੂੰ ਹੋਰ ਦੁਖਾ ਨਾਹੀਂ । ਐਵੇਂ ਚੁੱਪ ਚੁਪੀਤੜਾ ਚੁੱਪ ਨਾ ਹੋ, ਸਾਡੇ ਨਾਲ ਆ ਕੇ ਲੜ ਰੁੱਸ ਬੀਬਾ । ਕਿਹੜੀ ਗੱਲ ਤੇ ਮੂੰਹ ਭਵਾ ਬੈਠੋਂ, ਘੁੰਡੀ ਦਿਲ ਦੀ ਖੋਲ੍ਹ ਕੇ ਦੱਸ ਬੀਬਾ । ਮੈਨੂੰ ਜੱਗ ਦੀ ਕੱਖ ਪਰਵਾਹ ਹੈ ਨਹੀਂ, ਨਾਲ ਸਾਕ ਤੇਰੇ ਜਦ ਤੋਂ ਜੋੜ ਬੈਠੀ । ਦੁਨੀਆਂ ਮੁੱਕ ਗਈ ਏ ਮੈਂਡੀ ਤੁੱਧ ਉੱਤੇ, ਸਾਰੀ ਖ਼ਲਕ 'ਚੋਂ ਤੁੱਧ ਨੂੰ ਲੋੜ ਬੈਠੀ । ਬੇਪਰਵਾਹ ਹੋਈ ਤੇ ਬੇਚਾਰ ਹੋਈ, ਰੱਸੇ ਰੱਸੀਆਂ ਸਭ ਤਰੋੜ ਬੈਠੀ । ਇਕ ਤੂੰ ਰਾਜ਼ੀ ਮੇਰਾ ਰੱਬ ਰਾਜ਼ੀ, ਹੋਰ ਆਸਰੇ ਤੇ ਆਸਾਂ ਛੋੜ ਬੈਠੀ । ਮੇਰ ਤੇਰ ਦੇ ਵਿਚ ਵਿਛੋੜ ਪਾਇਆ, ਇਹਨਾਂ ਕਾਜ਼ੀਆਂ : ਕੁੱਤਿਆਂ-ਕੰਮੀਆਂ ਨੇ । ਸੁਣੇਂ ਬੈਠ ਨਵੇਕਲਾ ਰੋ ਦੱਸਾਂ, ਮਿਰੀਆਂ ਦਰਦ ਕਹਾਣੀਆਂ ਲੰਮੀਆਂ ਨੇ । ਤੈਨੂੰ ਭੁੱਲ ਗਏ ਨੇ, ਮੈਨੂੰ ਯਾਦ ਉਹ ਦਿਨ, ਜਦੋਂ ਪ੍ਰੇਮ ਦੀ ਪੀਂਘ ਚੜ੍ਹਾਂਵਦੇ ਸਾਂ । ਦੋ ਦਿਸਦੇ ਸਾਂ, ਵਿਚੋਂ ਇਕ ਹੈ ਸਾਂ, 'ਕੱਠਾ ਹੱਸਦੇ ਰੋਂਵਦੇ ਗਾਂਵਦੇ ਸਾਂ । ਵਿੱਥ ਵਿਤਕਰਾ ਵਿਚ ਨਾ ਕੋਈ ਸਾਡੇ, ਇਕ ਦੂਜੇ ਦਾ ਨਾਮ ਧਿਆਵੰਦੇ ਸਾਂ । ਮਤੇ ਨਜ਼ਰ ਜਹਾਨ ਦੀ ਲੱਗ ਜਾਏ, ਡਰਦੇ ਕਦੀ ਅੰਦਰ ਛਿਪ ਜਾਂਵਦੇ ਸਾਂ । ਤਾਪ ਚੜ੍ਹੇ ਨੂੰ ਠੰਡ ਜਿਉਂ ਬੁਰੀ ਲੱਗੇ, ਤਿਵੇਂ ਇਸ਼ਕ ਗੱਲਾਂ ਨਾ ਸੁਖਾਈਆਂ ਨੇ । ਵਿਥਾਂ ਵਾਲੇ ਜਹਾਨ ਨੇ ਵਿਚ ਸਾਡੇ, ਮੇਖਾਂ ਮਾਰ ਕੇ ਤੇ ਵਿੱਥਾਂ ਪਾਈਆਂ ਨੇ । 'ਪਹਿਲੋਂ ਅੱਗ ਲਾ ਕੇ ਹੁਣ ਅਲੱਗ ਹੋਇਉਂ, ਬੀਬਾ ਇਹ ਨਹੀਂ ਚੰਗੜੀ ਗੱਲੜੀ ਵੇ । ਮੇਰਾ ਕੋਈ ਨਹੀਂ ਮੈਂ ਤੇ ਹੋਈ ਤੇਰੀ, ਖੇਡ ਖੇਡਨੈਂ ਕਾਹਨੂੰ ਅਵੱਲੜੀ ਵੇ । ਚਿੱਟੇ ਚਾਨਣੇ ਤੋਂ ਕਦੀ ਚੌਂਕਦੀ ਸਾਂ, ਰਾਤਾਂ ਕਾਲੀਆਂ ਮੈਂ ਇਕੱਲੜੀ ਵੇ । ਉਹਨਾਂ ਦਿਨਾਂ ਦੀ ਯਾਦ ਤੇ ਜੀਉਂਦੀ ਹਾਂ, ਜਦੋਂ ਆਖਦਾ ਸੈਂ ਬੱਲੀ ਬੱਲੜੀ ਵੇ । ਮੰਨਤਾਂ ਮੰਨ ਬੈਠੀ, ਰੋਣੇ ਰੋ ਬੈਠੀ, ਐਪਰ ਮਨ ਨਾ ਤੇਰਾ ਪਸੀਜਿਆ ਏ । ਸੁਣ ਕੇ ਮੌਤ ਮੇਰੀ ਖਬਰੇ ਆ ਜਾਵੇਂ, ਹੁਣ ਤੇ ਮਰਨ ਉਤੇ ਚਿੱਤ ਰੀਝੀਆ ਏ । ਜੇ ਨਾ ਆਏਂਗਾ ਮੁਖ ਨਾ ਵੇਖਸੇਂਗਾ, ਆਖੀਂ ਫੇਰ ਨਾ, ਸਾਨੂੰ ਕਿਸ ਦੱਸਿਆ ਈ । ਮੈਨੂੰ ਅੰਦਰੋ ਅੰਦਰੀ ਡੋਬ ਪੈਂਦੇ, ਬ੍ਰਿਹੋਂ ਡੈਣ ਨੇ ਕਾਲਜਾ ਖੱਸਿਆ ਈ । ਸਾਥੋਂ ਜਦੋਂ ਦਾ ਮੁੱਖੜਾ ਮੋੜ ਗਇਉਂ, ਮੁੱਕੀ ਰੈਣ ਨਾ ਤਦੋਂ ਦੀ ਮੱਸਿਆ ਈ । ਕੱਚੀ ਆਸ ਦੀ ਤੰਦ ਤੇ ਪਲਮਦੀ ਏ, ਸਾਡੀ ਜ਼ਿੰਦਗੀ ਕਠਨ ਸਮੱਸਿਆ ਈ । ਅਸਾਂ ਆਪਣਾ ਹਾਲ ਬਿਆਨ ਕੀਤਾ, ਅੱਗੋਂ ਗੱਲ ਸਾਰੀ ਤੇਰੇ ਵੱਸ ਬੀਬਾ । ਦੁਹੁੰ ਚਹੁੰ ਦਿਨਾਂ ਦੇ ਅਸੀਂ ਪ੍ਰਾਹੁਣੇ ਹਾਂ, ਸੱਚੋ ਸੱਚ ਦਿੱਤਾ ਤੈਨੂੰ ਦੱਸ ਬੀਬਾ ।