ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਨਾਲ ਸਾਂਝਾ, ਤੇਰੀਆਂ ਮੌਜਾਂ ਸਾਡਾ ਮਾਂਝਾ, ਸਾਡੀ ਸੁਰ ਤੈਂ ਆਪ ਮਿਲਾਈ । ਬੰਸੀ ਕਾਹਨ ਅਚਰਜ ਬਜਾਈ । ਬੰਸੀ ਵਾਲਿਆ ਕਾਹਨ ਕਹਾਵੇਂ, ਸਬ ਦਾ ਨੇਕ ਅਨੂਪ ਮਨਾਵੇਂ, ਅੱਖੀਆਂ ਦੇ ਵਿਚ ਨਜ਼ਰ ਨਾ ਆਵੇਂ, ਕੈਸੀ ਬਿਖੜੀ ਖੇਲ ਰਚਾਈ । ਬੰਸੀ ਕਾਹਨ ਅਚਰਜ ਬਜਾਈ । ਬੰਸੀ ਸਭ ਕੋਈ ਸੁਣੇ ਸੁਣਾਵੇ, ਅਰਥ ਇਸ ਦਾ ਕੋਈ ਵਿਰਲਾ ਪਾਵੇ, ਜੋ ਕੋਈ ਅਨਹਦ ਕੀ ਸੁਰ ਪਾਵੇ, ਸੋ ਇਸ ਬੰਸੀ ਕਾ ਸ਼ੌਦਾਈ । ਬੰਸੀ ਕਾਹਨ ਅਚਰਜ ਬਜਾਈ । ਸੁਣੀਆਂ ਬੰਸੀ ਦੀਆਂ ਘੰਗੋਰਾਂ, ਕੂਕਾਂ ਤਨ ਮਨ ਵਾਂਙੂ ਮੋਰਾਂ, ਡਿਠੀਆਂ ਇਸ ਦੀਆਂ ਤੋੜਾਂ ਜੋੜਾਂ, ਇਕ ਸੁਰ ਦੀ ਸਭ ਕਲਾ ਉਠਾਈ । ਬੰਸੀ ਕਾਹਨ ਅਚਰਜ ਬਜਾਈ । ਇਸ ਬੰਸੀ ਦਾ ਲੰਮਾ ਲੇਖਾ, ਜਿਸ ਨੇ ਢੂੰਡਾ ਤਿਸ ਨੇ ਦੇਖਾ, ਸ਼ਾਦੀ ਇਸ ਬੰਸੀ ਦੀ ਰੇਖਾ, ਏਸ ਵਜੂਦੋਂ ਸਿਫਤ ਉਠਾਈ । ਬੰਸੀ ਕਾਹਨ ਅਚਰਜ ਬਜਾਈ । ਇਸ ਬੰਸੀ ਦੇ ਪੰਜ ਸਤ ਤਾਰੇ, ਆਪ ਆਪਣੀ ਸੁਰ ਭਰਦੇ ਸਾਰੇ, ਇਕ ਸੁਰ ਸਭ ਦੇ ਵਿਚ ਦਮ ਮਾਰੇ, ਸਾਡੀ ਇਸ ਨੇ ਹੋਸ਼ ਭੁਲਾਈ । ਬੰਸੀ ਕਾਹਨ ਅਚਰਜ ਬਜਾਈ । ਬੁੱਲ੍ਹਾ ਪੁੱਜ ਪਏ ਤਕਰਾਰ, ਬੂਹੇ ਆਣ ਖਲੋਤੇ ਯਾਰ, ਰੱਖੀਂ ਕਲਮੇ ਨਾਲ ਬਿਊਪਾਰ, ਤੇਰੀ ਹਜ਼ਰਤ ਭਰੇ ਗਵਾਹੀ । ਬੰਸੀ ਕਾਹਨ ਅਚਰਜ ਬਜਾਈ ।