Kavishala
Login / Sign Up
Home
Profile
Home
Profile
2 min
750.1K
ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ - ਬਾਬਾ ਬੁੱਲ੍ਹੇ ਸ਼ਾਹ
Kavishala Archives
Jun 16, 2020
AI
Kavishala AI
Listen to this post
ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ । ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ । ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਜ਼ਹਿਰ ਪਿਆਲਾ ਮੈਂ ਪੀਤਾ, ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ । ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ । ਛੁੱਪ ਗਿਆ ਸੂਰਜ ਬਾਹਰ ਰਹਿ ਗਈ ਆ ਲਾਲੀ, ਹੋਵਾਂ ਮੈਂ ਸਦਕੇ ਮੁੜ ਜੇ ਦੇਂ ਵਿਖਾਲੀ , ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆਂ । ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ । ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾਂ, ਇਹ ਸਿਰ ਆਇਆ ਏ ਮੇਰਾ ਹੇਠ ਵਦਾਣਾਂ, ਸੱਟ ਪਈ ਇਸ਼ਕੇ ਦੀ ਤਾਂ ਕੂਕਾਂ ਦਈਆਂ । ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ । ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ, ਲਾਹੂ (ਲਾਹੌਰ) ਜਾਂਦੜੇ ਬੇੜੇ ਮੋੜ ਕੌਣ ਹਟਾਏ, ਮੇਰੀ ਅਕਲ ਭੁੱਲੀ ਨਾਲ ਮੁਹਾਣਿਆਂ ਦੇ ਗਈਆਂ । ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ । ਏਸ ਇਸ਼ਕ ਦੀ ਝੰਗੀ ਵਿਚ ਮੋਰ ਬੁਲੇਂਦਾ, ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੇਂਦਾ, ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ । ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ । ਬੁੱਲ੍ਹਾ ਸ਼ਾਹ ਇਨਾਇਤ ਦੇ ਬਹਿ ਬੂਹੇ, ਜਿਸ ਪਹਿਨਾਏ ਸਾਨੂੰ ਸਾਵੇ ਸੂਹੇ, ਜਾਂ ਮੈਂ ਮਾਰੀ ਉਡਾਰੀ ਮਿਲ ਪਿਆ ਵਹੀਆ । ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।
Join WhatsApp Community
Daily literature, poetry & stories
Read More
Earn More
Learn More