ਬੱਚਿਆਂ ਦਾ ਕੋਈ ਖੇਲ੍ਹ ਏ ਬੱਚੜਾ । ਜ਼ੇਲ੍ਹ ਤੇ ਓੜਕ ਜ਼ੇਲ੍ਹ ਏ ਬੱਚੜਾ । ਜਿਹੜਾ ਹੱਥ ਖੜ੍ਹੇ ਕਰ ਜਾਏ, ਇਸ਼ਕ 'ਚ ਉਹੀ ਫ਼ੇਲ੍ਹ ਏ ਬੱਚੜਾ । ਟਿਗਟਾਂ ਵਾਲੇ ਪੈਦਲ ਟੁਰਦੇ ਬੇ-ਟਿਗਟੇ ਦੀ ਰੇਲ ਏ ਬੱਚੜਾ । ਜਿਹੜਾ ਸਾਮ੍ਹਣੇ ਆਏ, ਹੈ ਨਹੀਂ, ਅੰਨ੍ਹੇ ਹੱਥ ਗੁਲੇਲ ਏ ਬੱਚੜਾ । ਸਾਡੇ ਹਿਜਰ ਤੇ ਰੋੜ੍ਹਨ ਹੰਝੂ, ਅੱਗ ਪਾਣੀ ਦਾ ਮੇਲ ਏ ਬੱਚੜਾ । 'ਬਿਜੂ' ਖੁੱਲ੍ਹੇ ਬੰਦੇ ਬੱਧੇ, ਚੰਗਾ ਤੇਰਾ ਖੇਲ੍ਹ ਏ ਬੱਚੜਾ । ਨਹੀਂ ਹੰਝੂ ਕਿੱਥੋਂ ਆਉਂਣੇ ਨੇ, ਅੱਖਾਂ ਵਿੱਚ ਤਰੇਲ ਏ ਬੱਚੜਾ । 'ਅਫ਼ਜ਼ਲ ਅਹਿਸਨ' ਲੁੱਟ ਕੇ ਲੈ ਜਾ, ਦਰਦ ਫ਼ਿਰਾਕ ਦੀ ਸੇਲ ਏ ਬੱਚੜਾ ।