ਅਸੀਂ ਮਾਰ ਖਾਈਏ, ਤੁਸੀਂ ਹੋਰ ਮਾਰੋ, ਅਸੀਂ ਰੋਈਏ ਤੇ ਤੁਸੀਂ ਹੱਸਦੇ ਹੋ । ਅਸੀਂ ਤੜਫ ਜਾਗੇ, ਤੁਸੀਂ ਮਸਤ ਸੁੱਤੇ, ਅਸੀਂ ਪਕੜਦੇ ਹਾਂ, ਤੁਸੀਂ ਨੱਸਦੇ ਹੋ । ਨੱਕ ਨਾਲ ਲੀਕਾਂ ਅਸੀਂ ਕੱਢਦੇ ਹਾਂ, ਗੱਲਾਂ ਤਿੱਖੀਆਂ ਨਾਲ ਅੱਗੋਂ ਡੱਸਦੇ ਹੋ । ਪੈਰ ਪਕੜਨੇ ਆਂ, ਕਿਵੇਂ ਚੁੰਮ ਲਈਏ, ਤੁਸੀਂ ਪੈਰ ਪਿਛਾਂਹ ਨੂੰ ਖੱਸਦੇ ਹੋ । ਅਸੀਂ ਤੜਫਦੇ ਲੁੱਛਦੇ ਜ਼ਿਮੀਂ ਉੱਤੇ, ਤੁਸੀਂ ਵਿੱਚ ਹੋਠਾਂ ਉਤੋਂ ਹੱਸਦੇ ਹੋ । ਅਸੀਂ ਮੁੱਖ ਤੁਸਾਡੜਾ ਤੱਕਦੇ ਹਾਂ, ਤੁਸੀਂ ਤੀਰ ਕਮਾਨ 'ਚੋਂ ਕੱਸਦੇ ਹੋ । ਅਸੀਂ ਬ੍ਰਿਹੋਂ ਦੇ ਵਿੱਚ ਬੀਮਾਰ ਪੈ ਗਏ, ਤੁਸੀਂ ਮਕਰ ਫਰੇਬ ਹੀ ਦੱਸਦੇ ਹੋ । ਸਾਨੂੰ ਬੰਨ੍ਹਿਆਂ ਜੇ ਨਾਲ ਸੰਗਲਾਂ ਦੇ, ਤੁਸੀਂ ਕਦੋਂ ਹੋਏ ਸਾਡੇ ਵਸ ਦੇ ਹੋ । ਅਸੀਂ ਲੋਚਦੇ ਹਾਂ, ਕਦੀ ਮਿਲੋ ਕੱਲੇ, ਉਸੀਂ ਮਜਲਸਾਂ ਵਿੱਚ ਖਰਖੱਸਦੇ ਹੋ । ਅਸੀਂ ਆਪਣੀ ਅਕਲ ਗੁਆ ਬੈਠੇ, ਰਾਹ ਤੁਸੀਂ ਵੀ ਕੋਈ ਨਾ ਦੱਸਦੇ ਹੋ । ਲੋਕ ਟਿੱਚਰਾਂ ਕਰਦੇ ਨੇ ਵੇਖ ਕਮਲਾ, ਤੁਸੀਂ ਨਾਲ ਲੋਕਾਂ ਰਲਕੇ ਹੱਸਦੇ ਹੋ । ਸਾਨੂੰ ਅੱਗ ਫਿਰਾਕ ਦੀ ਸਾੜਿਆ ਏ, ਕਦੀ ਮੀਂਹ ਬਣਕੇ ਨਹੀਂ ਵੱਸਦੇ ਹੋ । ਮੂੰਹ ਅੱਡਿਆ ਵਾਸਤੇ ਬੂੰਦ ਦੇ ਹੈ, ਅੱਗੋਂ ਘਤਦੇ ਬੁੱਕ ਭਰ ਭੱਸਦੇ ਹੋ । ਅਸੀਂ ਵੇਖਦੇ ਹਾਂ, ਨਾਲੇ ਤਰਸਦੇ ਹਾਂ, ਹੋਇਆ ਕੀ ਜੇ ਭਰੇ ਹੋਏ ਰਸ ਦੇ ਹੋ । ਪ੍ਰੇਮ ਫਾਹੀਆਂ ਲਾਈਆਂ ਬਹੁਤ ਭਾਵੇਂ, ਤੁਸੀਂ ਕਿਸੇ ਦੇ ਵਿੱਚ ਨਾ ਫਸਦੇ ਹੋ । ਅਸੀਂ ਆਪਣਾ ਹਾਲ ਬੇਹਾਲ ਕੀਤਾ, ਤੁਸੀਂ ਬੱਚਿਆਂ ਦੀ ਖੇਡ ਦੱਸਦੇ ਹੋ । ਅਸੀਂ ਆਖਿਆ ਮਾਰ ਮੁਕਾ ਸਾਨੂੰ, ਤੁਸੀਂ ਤੜਫਦਾ ਵੇਖ ਵਿਗੱਸਦੇ ਹੋ ।