ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ । ਪਹਿਲੋਂ ਨੇਹੁੰ ਲਗਾਇਆ ਸੀ ਤੈਂ ਆਪੇ ਚਾਈਂ ਚਾਈਂ । ਮੈਂ ਲਾਇਆ ਏ ਕਿ ਤੁੱਧ ਲਾਇਆ ਏ ਆਪਣੀ ਓੜ ਨਿਭਾਈਂ । ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ । ਭੌਕਣ ਚੀਤੇ ਤੇ ਚਿਤਮੁਚਿੱਤੇ ਭੌਕਣ ਕਰਨ ਅਦਾਈਂ । ਪਾਰ ਤੇਰੇ ਜਗਤ ਤਰ ਚੜ੍ਹਿਆ ਕੰਢੇ ਲੱਖ ਬਲਾਈਂ । ਹੌਲ ਦਿਲੇ ਦਾ ਥਰ ਥਰ ਕੰਬਦਾ ਬੇੜਾ ਪਾਰ ਲੰਘਾਈਂ । ਕਰ ਲਈ ਬੰਦਗੀ ਰੱਬ ਸੱਚੇ ਦੀ ਪਵਣ ਕਬੂਲ ਦੁਆਈਂ । ਬੁੱਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ ਘੁੰਘਟ ਖੋਲ੍ਹ ਵਿਖਾਈਂ । ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ ।