ਆਓ ਸਈਓ ਰਲ ਦਿਉ ਨੀ ਵਧਾਈ । ਮੈਂ ਵਰ ਪਾਇਆ ਰਾਂਝਾ ਮਾਹੀ । ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ, ਹੱਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ, ਆਓ ਸਈਓ ਰਲ ਦਿਉ ਨੀ ਵਧਾਈ । ਮੁੱਕਟ ਗਊਆਂ ਦੇ ਵਿਚ ਰੁੱਲਦਾ, ਜੰਗਲ ਜੂਹਾਂ ਦੇ ਵਿਚ ਰੁੱਲਦਾ । ਹੈ ਕੋਈ ਅੱਲ੍ਹਾ ਦੇ ਵੱਲ ਭੁੱਲਦਾ, ਅਸਲ ਹਕੀਕਤ ਖ਼ਬਰ ਨਾ ਕਾਈ, ਆਓ ਸਈਓ ਰਲ ਦਿਉ ਨੀ ਵਧਾਈ । ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ, ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ, ਆਓ ਸਈਓ ਰਲ ਦਿਉ ਨੀ ਵਧਾਈ । ਮੈਂ ਵਰ ਪਾਇਆ ਰਾਂਝਾ ਮਾਹੀ ।