ਐਸਾ ਮਨ ਮੇਂ ਆਇਓ ਰੇ, ਦੁੱਖ ਸੁੱਖ ਸਭ ਵੰਞਾਇਓ ਰੇ । ਹਾਰ ਸ਼ਿੰਗਾਰ ਕੋ ਆਗ ਲਗਾਊਂ, ਤਨ ਪਰ ਢਾਂਡ ਮਚਾਇਓ ਰੇ । ਸੁਣ ਕੇ ਗਿਆਨ ਕੀਆਂ ਐਸੀ ਬਾਤਾਂ, ਨਾਮ-ਨਿਸ਼ਾਨ ਤਭੀ ਅਲਘਾਤਾਂ, ਕੋਇਲ ਵਾਂਙ ਮੈਂ ਕੂਕਾਂ ਰਾਤਾਂ, ਤੈਂ ਅਜੇ ਭੀ ਤਰਸ ਨਾ ਆਇਉ ਰੇ । ਗਲ ਮਿਰਗਾਨੀ ਸੀਸ ਖੱਪਰੀਆਂ, ਦਰਸ਼ਨ ਕੀ ਭੀਖ ਮੰਗਣ ਚੜ੍ਹਿਆ, ਜੋਗਨ ਨਾਮ ਬੂਹਲਤ ਧਰਿਆ, ਅੰਗ ਬਿਭੂਤ ਰਮਾਇਉ ਰੇ । ਇਸ਼ਕ ਮੁੱਲਾਂ ਨੇ ਬਾਂਗ ਸੁਣਾਈ, ਇਹ ਗੱਲ ਵਾਜਬ ਆਈ, ਕਰ ਕਰ ਸਿਦਕ ਸਿਜਦੇ ਵਲ ਧਾਈ, ਮੂੰਹ ਮਹਿਰਾਬ ਟਿਕਾਇਓ ਰੇ । ਪ੍ਰੇਮ ਨਗਰ ਵਾਲੇ ਉਲਟੇ ਚਾਲੇ, ਮੈਂ ਮੋਈ ਭਰ ਖੁਸ਼ੀਆਂ ਨਾਲੇ, ਆਣ ਫਸੀ ਆਪੇ ਵਿਚ ਜਾਲੇ, ਹੱਸ ਹੱਸ ਆਪ ਕੁਹਾਇਓ ਰੇ । ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਜੀਅ ਜਾਮੇ ਦੀ ਦਿੱਤੀ ਸਾਈ, ਮੁਰਸ਼ਦ ਸ਼ਾਹ ਅਨਾਇਤ ਸਾਈਂ, ਜਿਸ ਦਿਲ ਮੇਰਾ ਭਰਮਾਇਓ ਰੇ ।