'ਅਫ਼ਜ਼ਲ ਅਹਿਸਨ' ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ । ਚੁੱਕਣ ਲਈ 'ਸਲੀਬ' ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ । ਯਾ ਮੈਥੋਂ ਇਹ ਸੁਨਣਾ, ਬੋਲਣਾ, ਵੇਖਣਾ, ਸੋਚਣਾ ਲੈ ਲੈ, ਯਾ ਮੈਨੂੰ ਵੀ ਅਪਣੀ ਡੂੰਘੀ, ਚੁੱਪ ਦੇ ਰੰਗ 'ਚ ਰੰਗ । ਯਾ ਤੇ ਮੈਨੂੰ ਅੱਖੀਆਂ ਦੇਹ ਮੈਂ ਤੈਨੂੰ ਦੇਖਾਂ-ਚਾਖਾਂ, ਯਾ ਫਿਰ ਮੈਂ ਵੀ ਲੋਕਾਂ ਵਾਂਗੂੰ, ਬਹਿ ਕੇ ਘੋਟਾਂ ਭੰਗ । ਮੰਗ ਲਿਆ ਤੇ ਇਕ ਭੋਰਾ ਜਿਹਾ, ਚਾਨਣ ਵੀ ਨਹੀਂ ਦਿੰਦਾ, ਕਹਿੰਦਾ ਹੁੰਦਾ ਸੈਂ ਮੰਗ ਲੈ, ਮੰਗ ਲੈ, ਮੰਗ ਲੈ ਨਾ ਸੰਗ । ਮੇਰੇ ਸਾਰੇ ਬੇਲੀ ਮੈਨੂੰ ਪੁੱਛਦੇ ਨੇ ਕੀ ਗੱਲ ਏ, ਅੱਜ ਕੱਲ੍ਹ ਕਿਸੇ ਨਾ ਕਿਸੇ ਬਹਾਨੇ, ਟੁਰਿਆ ਰਹਿਨੈਂ ਝੰਗ । ਇਸ਼ਕ ਤੇ ਵਾਰਾ ਖਾ ਜਾਂਦਾ, ਪਰ ਥਾਂ ਸੀ ਬਹੁਤਾ ਉੱਚਾ, 'ਅਫ਼ਜ਼ਲ ਅਹਿਸਨ' ਮਾਰ ਗਿਆ, ਯਾਰਾਂ ਨੂੰ ਤੇੜ ਦਾ ਨੰਗ ।