ਅਬ ਕਿਉਂ ਸਾਜਨ ਚਿਰ ਲਾਇਓ ਰੇ ? ਐਸੀ ਆਈ ਮਨ ਮੇਂ ਕਾਈ, ਦੁਖ ਸੁਖ ਸਭ ਵੰਜਾਇਓ ਰੇ, ਹਾਰ ਸ਼ਿੰਗਾਰ ਕੋ ਆਗ ਲਗਾਉਂ, ਘਟ ਉੱਪਰ ਢਾਂਡ ਮਚਾਇਓ ਰੇ ; ਅਬ ਕਿਉਂ ਸਾਜਨ ਚਿਰ ਲਾਇਓ ਰੇ ? ਸੁਣ ਕੇ ਗਿਆਨ ਕੀ ਐਸੀ ਬਾਤਾਂ, ਨਾਮ ਨਿਸ਼ਾਨ ਸਭੀ ਅਣਘਾਤਾਂ, ਕੋਇਲ ਵਾਂਗੂੰ ਕੂਕਾਂ ਰਾਤਾਂ, ਤੈਂ ਅਜੇ ਵੀ ਤਰਸ ਨਾ ਆਇਓ ਰੇ ; ਅਬ ਕਿਉਂ ਸਾਜਨ ਚਿਰ ਲਾਇਓ ਰੇ ? ਗਲ ਮਿਰਗਾਨੀ ਸੀਸ ਖਪਰੀਆ, ਭੀਖ ਮੰਗਣ ਨੂੰ ਰੋ ਰੋ ਫਿਰਿਆ, ਜੋਗਨ ਨਾਮ ਭਿਆ ਲਿਟ ਧਰਿਆ, ਅੰਗ ਬਿਭੂਤ ਰਮਾਇਓ ਰੇ ; ਅਬ ਕਿਉਂ ਸਾਜਨ ਚਿਰ ਲਾਇਓ ਰੇ ? ਇਸ਼ਕ ਮੁੱਲਾਂ ਨੇ ਬਾਂਗ ਦਿਵਾਈ, ਉੱਠ ਬਹੁੜਨ ਗੱਲ ਵਾਜਬ ਆਈ, ਕਰ ਕਰ ਸਿਜਦੇ ਘਰ ਵਲ ਧਾਈ, ਮੱਥੇ ਮਹਿਰਾਬ ਟਿਕਾਇਓ ਰੇ ; ਅਬ ਕਿਉਂ ਸਾਜਨ ਚਿਰ ਲਾਇਓ ਰੇ ? ਪ੍ਰੇਮ ਨਗਰ ਦੇ ਉਲਟੇ ਚਾਲੇ, ਖ਼ੂਨੀ ਨੈਣ ਹੋਏ ਖੁਸ਼ਹਾਲੇ, ਆਪੇ ਆਪ ਫਸੇ ਵਿਚ ਜਾਲੇ, ਫਸ ਫਸ ਆਪ ਕੁਹਾਇਓ ਰੇ ; ਅਬ ਕਿਉਂ ਸਾਜਨ ਚਿਰ ਲਾਇਓ ਰੇ ? ਦੁੱਖ ਬਿਰਹੋਂ ਨਾ ਹੋਣ ਪੁਰਾਣੇ, ਜਿਸ ਤਨ ਪੀੜਾਂ ਸੋ ਤਨ ਜਾਣੇ, ਅੰਦਰ ਝਿੜਕਾਂ ਬਾਹਰ ਤਾਅਨੇ, ਨੇਹੁੰ ਲਗਿਆਂ ਦੁੱਖ ਪਾਇਓ ਰੇ ; ਅਬ ਕਿਉਂ ਸਾਜਨ ਚਿਰ ਲਾਇਓ ਰੇ ? ਮੈਨਾ ਮਾਲਣ ਰੋਂਦੀ ਪਕੜੀ, ਬਿਰਹੋਂ ਪਕੜੀ ਕਰਕੇ ਤਕੜੀ, ਇਕ ਮਰਨਾ ਦੂਜੀ ਜੱਗ ਦੀ ਫੱਕੜੀ, ਹੁਣ ਕੌਣ ਬੰਨਾ ਬਣ ਆਇਓ ਰੇ ; ਅਬ ਕਿਉਂ ਸਾਜਨ ਚਿਰ ਲਾਇਓ ਰੇ ? ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਸੋਹਣੀ ਬਣ ਤਣ ਸਭ ਕੋਈ ਆਈ, ਵੇਖ ਕੇ ਸ਼ਾਹ ਇਨਾਇਤ ਸਾਈਂ, ਜੀਅ ਮੇਰਾ ਭਰ ਆਇਓ ਰੇ ; ਅਬ ਕਿਉਂ ਸਾਜਨ ਚਿਰ ਲਾਇਓ ਰੇ ?