ਜਦ ਹੋ ਜਾਣ ਕੰਧਾਂ ਪੱਕੀਆਂ
ਫਿਰ ਹੋਣ ਨਾ ਛੇਤੀ ਢਾਹ 
ਜਦ ਹੋ ਜਾਣ ਵੱਖੋ-ਵੱਖਰੇ
ਫਿਰ ਇੱਕ ਨਾ ਹੁੰਦੇ ਰਾਹ

ਜਦ ਪੈਣ ਦਰਾਰਾਂ ਰੂਹਾਂ ਵਿੱਚ 
ਜਦ ਮੁੱਕਣ ਪਾਣੀ ਖੂਹਾਂ ਵਿੱਚ 
ਫਿਰ ਔਖਾ ਹੁੰਦਾ ਫਸਲਾਂ ਦਾ 
ਜਦ ਵੈਰੀ ਹੁੰਦਾ ਨਸਲਾਂ ਵਿੱਚ 

ਜਦ ਟਾਹਣੇ ਟੁੱਟਣ ਰੁੱਖਾਂ ਦੇ 
ਫਿਰ ਹਿਸਾਬ ਨਾ ਰਹਿੰਦੇ ਦੁੱਖਾਂ ਦੇ 
ਜਦ ਆਪਣਾ ਛੱਡ ਕੋਈ ਜਾਂਦਾ ਏ
ਫਿਰ ਦਿਲ ਵਿੱਚ ਚੀਸਾਂ ਪਾਂਦਾ ਏ 

ਜਦ ਪਾਣੀ ਪੱਤਣੋੰ ਵਹਿ ਜਾਂਦੇ
ਜਦ ਨਾਲ ਭਾਈਆਂ ਭਾਈ ਖਹਿ ਜਾਂਦੇ 
ਫਿਰ ਔਖਾ ਹੁੰਦਾ ਟੱਬਰਾਂ ਦਾ 
ਜਦ ਰੰਜਸ਼ਾਂ ਵੇਹੜੇ ਬਹਿ ਬਹਿ ਜਾਂਦੇ