ਪਰਵਾਸ ਇਕੱਲੇ ਬੱਚੇ ਹੀ ਨਹੀਂ ਭੋਗਦੇ
ਮਾਪੇ ਵੀ ਭੋਗਦੇ ਹਨ ਬਹੁਤ ਕੁਝ
ਇਕਲਾਪਾ, ਵਿਛੋੜਾ, ਉਦਰੇਵਾਂ
ਤੇ ਥਕੇਵਾਂ, ਅਕੇਵਾਂ
ਉਹ ਫੋਟੋਆਂ 'ਚ ਹੱਸਦੇ
ਚਿਹਰੇ ਵੇਖ ਰੋਂਦੇ
ਸੁਪਨਿਆਂ 'ਚ ਆਪਣੇ
ਬੱਚਿਆਂ ਨਾਲ ਸੌਂਦੇ
ਉਨ੍ਹਾਂ ਦੀ ਜੰਮਣ ਘੜੀ ਤੋਂ
ਫਲਾਈਟ ਦੇ ਸਮੇਂ ਤਕ ਦੀਆਂ
ਯਾਦਾਂ ਨੂੰ ਢੋਹੁੰਦੇ
ਮਨ ਦੀ ਸੁਨਾਮੀ ਨੂੰ ਸਾਂਭ
ਵੀਡਿਓ ਕਾਲ 'ਤੇ ਮੁਸਕਾਉਂਦੇ
ਬਾਪੂ ਪੁੱਤ ਦੀਆਂ ਸ਼ਰਟਾਂ ਪਾਉਂਦਾ
ਹੰਝੂ ਅੱਖਾਂ 'ਚ ਉਤਰ ਆਉਂਦੇ
ਮਾਂ ਰੋਂਦੀ ਉਨ੍ਹਾਂ ਦੀਆਂ
ਮਨ ਭਾਉਂਦੀਆਂ ਚੀਜਾਂ ਬਣਾ
ਆਲ੍ਹਣੇ ਬਿਖ਼ਰ ਜਾਂਦੇ
ਪੰਛੀ ਉੱਡ ਜਾਂਦੇ
ਆਪੋ ਆਪਣੇ ਜਾਲ਼ ਲਈ।